ਪਟਿਆਲਾ – ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ 11 ਸਾਲ ਪੁਰਾਣੇ ਕੇਸ ਵਿਚ ਉਹਨਾਂ ਨੂੰ ਪੁਲਿਸ ਪੁੱਛ-ਗਿੱਛ ਲਈ ਤਲਬ ਕਰ ਕੇ ਸਿਆਸੀ ਬਦਲਾਖੋਰੀ ’ਤੇ ਉਤਰ ਆਏ ਹਨ ਜਦੋਂ ਕਿ ਦੋ ਸਾਲਾਂ ਵਿਚ ਸਰਕਾਰ ਕੇਸ ਵਿਚ ਅਦਾਲਤ ਵਿਚ ਚਲਾਨ ਵੀ ਪੇਸ਼ ਨਹੀਂ ਕਰ ਸਕੀ।
ਅਕਾਲੀ ਦਲ ਦੇ ਆਗੂ ਜੋ ਕੇਸ ਵਿਚ ਬਣੀ ਐਸ ਆਈ ਟੀ ਵੱਲੋਂ ਭੇਜੇ ਸੰਮਨਾਂ ਦੇ ਜਵਾਬ ਵਿਚ ਇਥੇ ਆਏ, ਨੇ ਕਿਹਾ ਕਿ ਜਦੋਂ 9 ਦਸੰਬਰ ਨੂੰ ਉਹਨਾਂ ਸ੍ਰੀ ਭਗਵੰਤ ਮਾਨ ਵੱਲੋਂ ਆਪਣੀ ਧੀ ਨੂੰ ਛੱਡਣ ’ਤੇ ਉਹਨਾਂ ਵੱਲੋਂ ਧੀ ਦੇ ਹੱਕ ਵਿਚ ਬਿਆਨ ਦਿੱਤੇ ਗਏ ਤਾਂ 11 ਦਸੰਬਰ ਨੂੰ ਦੋ ਦਿਨਾਂ ਬਾਅਦ ਹੀ ਉਹਨਾਂ ਨੂੰ ਤਲਬ ਕਰਨ ਦੇ ਹੁਕਮ ਮੁੱਖ ਮੰਤਰੀ ਨੇ ਜਾਰੀ ਕਰ ਦਿੱਤੇ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਨ ਇਸ ਲਈ ਉਹਨਾਂ ਐਸ ਆਈ ਟੀ ਅੱਗੇ ਪੇਸ਼ ਹੋਣ ਦਾ ਫੈਸਲਾ ਲਿਆ ਹਾਲਾਂਕਿ ਉਹ ਜਾਣਦੇ ਹਨ ਕਿ ਏ ਡੀ ਜੀ ਪੀ ਸ੍ਰੀ ਐਮ ਐਸ ਛੀਨਾ ਜਿਹਨਾਂ ’ਤੇ ਰਾਜ ਸਰਕਾਰ ਨੇ ਬਹੁਤ ਦਬਾਅ ਬਣਾਇਆ ਹੋਇਆ ਹੈ, ਦੇ ਖਿਲਾਫ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਕਾਰਵਾਈ ਦੀ ਸਿਫਾਰਸ਼ ਜਸਟਿਸ ਇੰਦੂ ਮਲਤਹੋਰਾ ਦੀ ਅਗਵਾਈ ਵਾਲੀ ਕਮੇਟੀ ਨੇ ਕੀਤੀ ਹੋਈ ਹੈ।
ਉਹਨਾਂ ਕਿਹਾ ਕਿ ਮੈਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਾਂਗੂ ਭੱਜਣ ਵਾਲਾ ਨਹੀਂ ਹਾਂ। ਕੇਜਰੀਵਾਲ ਤਾਂ ਐਨਫੋਰਸਮੈਂਟ ਵੱਲੋਂ ਤਲਬ ਕੀਤੇ ਜਾਣ ਮਗਰੋਂ ਸ੍ਰੀ ਭਗਵੰਤ ਮਾਨ ਦੇ ਨਾਲ ਪੰਜਾਬ ਸਰਕਾਰ ਦੇ ਹਵਾਈ ਜਹਾਜ਼ ਵਿਚ ਫਰਾਰ ਹੋ ਗਏ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਤੋਂ ਪ੍ਰੇਰਿਤ ਹਨ ਜਿਹਨਾਂ ਦਾ ਸ਼ਹੀਦੀ ਸਪਤਾਹ ਪੰਜਾਬ ਭਰ ਵਿਚ ਮਨਾਇਆ ਜਾਰਿਹਾਹੈ। ਉਹਨਾਂਕਿਹਾ ਕਿ ਉਹ ਇਸ ਤਾਨਾਸ਼ਾਹ ਸਰਕਾਰ ਦੇ ਖਿਲਾਫ ਲੜਨ ਵਾਸਤੇ ਗੁਰੂ ਕੇ ਸਿੱਖ ਵਜੋਂ ਦ੍ਰਿੜ੍ਹ ਸੰਕਲਪ ਹਨ ਕਿਉਂਕਿ ਜਿਹੜਾ ਵੀ ਇਸ ਸਰਕਾਰ ਦੇ ਖਿਲਾਫ ਬੋਲਦਾ ਹੈ ਉਸਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਇਸੇ ਤਰੀਕੇ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁਟਿਆ ਜਾ ਰਿਹਾ ਹੈ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਏ ਡੀ ਜੀ ਪੀ ਸ੍ਰੀ ਛੀਨਾ ਦੀ ਵਰਤੋਂ ਨਾ ਕਰਨ ਕਿਉਂਕਿ ਉਹਨਾਂ ਨੇ 31 ਦਸੰਬਰ ਨੂੰ ਸੇਵਾ ਮੁਕਤ ਹੋ ਜਾਣਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪ ਐਸ ਆਈ ਟੀ ਦੇ ਮੁਖੀ ਦਾ ਰੋਲ ਸੰਭਾਲਣਾ ਚਾਹੀਦਾ ਹੈ ਤੇ ਅਗਲੀ ਮੀਟਿੰਗ ਆਪਣੀ ਸਰਕਾਰੀ ਰਿਹਾਇਸ਼ ’ਤੇ ਰੱਖਣੀ ਚਾਹੀਦੀ ਹੈ ਤਾਂ ਜੋ ਸਾਰੇ ਸ਼ਹਿਰ ਨੂੰ ਛਾਉਣੀ ਵਿਚ ਬਦਲਣ ਜਿਵੇਂ ਕਿ ਅੱਜ ਕੀਤਾ ਗਿਆ, ਨਾਲ ਆਮ ਲੋਕਾਂ ਨੂੰ ਹੁੰਦੀ ਖਜੱਲ ਖੁਆਰੀ ਤੋਂ ਬਚਿਆ ਜਾ ਸਕੇ।
ਸਰਦਾਰ ਮਜੀਠੀਆ ਨੇ ਕਿਹਾਕਿ ਰਾਜ ਸਰਕਾਰ ਕੋਲ ਜੇਕਰ ਕੋਈ ਸਬੂਤ ਹੈ ਤਾਂ ਉਹ ਸਬੂਤ ਅਦਾਲਤ ਵਿਚ ਪੇਸ਼ ਕਰੇ ਨਾ ਕਿ ਵਾਰ-ਵਾਰ ਉਹਨਾਂ ਨੂੰ ਤਲਬ ਕਰਨ ਦਾ ਡਰਾਮਾ ਕਰੇ। ਉਹਨਾਂ ਕਿਹਾ ਕਿ ਸਾਰਾ ਕੇਸ ਸਿਆਸਤ ਤੋਂ ਪ੍ਰੇਰਿਤ ਹੈ ਤੇ ਇਸਦੀ ਜਾਂਚ ਲਈ ਐਸ ਆਈ ਟੀਗਠਿਤ ਕਰਨਾ ਨਿੰਦਣਯੋਗ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਅਫਸਰ ਸਾਬਕਾ ਡੀ ਜੀ ਪੀ ਐਸ ਚਟੋਪਾਧਿਆਏ ਜਿਸਨੇ ਉਹਨਾਂ ਖਿਲਾਫ ਦੋ ਸਾਲ ਪਹਿਲਾਂ ਕੇਸ ਦਰਜ ਕੀਤਾ ਸੀ, ਦੇ ਖਿਲਾਫ ਵੀ ਸੁਪਰੀਮ ਕੋਰਟ ਦੀ ਕਮੇਟੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੀ ਸਿਫਾਰਸ਼ ਕੀਤੀ ਹੈ, ਜਿਸ ਤੋਂ ਉਸਦੇ ਵਤੀਰੇ ਦਾ ਸਹਿਜੇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਪੰਜਾਬ ਵਿਚ ਮੌਜੂਦਾ ਦੌਰ ਵਿਚ ਨਸ਼ਿਆਂ ਦੇ ਵਗ ਰਹੇ ਦਰਿਆ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਹਾਈ ਕੋਰਟ, ਬੀ ਐਸ ਐਫ ਅਤੇਇਸਦੇ ਨਾਲ ਹੀ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੱਸ ਚੁੱਕੇ ਹਨ ਕਿ ਕਿਵੇਂ ਨਸ਼ਾ ਪੰਜਾਬ ਲਈ ਖ਼ਤਰਨਾਕ ਬਣ ਚੁੱਕਾ ਹੈ ਤੇ ਨਸ਼ੇ ਦੀ ਓਵਰਡੋਜ਼ ਨਾਲ ਰੋਜ਼ ਮੌਤਾਂ ਹੋ ਰਹੀਆਂ ਹਨ ਪਰ ਇਸਨੂੰ ਨਕੇਲ ਪਾਉਣ ਦੀ ਥਾਂ ਆਪ ਸਰਕਾਰ ਤੇ ਮੁੱਖ ਮੰਤਰੀ ਇਸ ਮੁੱਦੇ ਦਾ ਸਿਆਸੀਕਰਨ ਕਰਨ ਵਿਚ ਲੱਗੇ ਹਨ।
