ਝਬਾਲ – ਸਿੰਘੂ ਬਾਰਡਰ ’ਤੇ ਬੇਅਦਬੀ ਕਰਨ ਦੇ ਦੋਸ਼ ਹੇਠ ਕਤਲ ਕੀਤੇ ਗਏ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾਂ ਕਲਾਂ ਨਿਵਾਸੀ ਲਖਬੀਰ ਸਿੰਘ ਦੇ ਮਾਮਲੇ ’ਚ ਜਿਥੇ ਨਿਹੰਗ ਸਿੰਘਾਂ ਵਿਰੁੱਧ ਹੱਤਿਆ ਦਾ ਮਾਮਲਾ ਹਰਿਆਣ ਦੇ ਕੁੰਡਲੀ ਥਾਣੇ ਵਿਚ ਦਰਜ ਕੀਤਾ ਗਿਆ ਹੈ।ਉਥੇ ਹੀ ਲਖਬੀਰ ਸਿੰਘ ਦੇ ਵਿਰੁੱਧ ਵੀ ਬੇਅਦਬੀ ਦੇ ਦੋਸ਼ ਹੇਠ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਕਤ ਕੇਸ ਦੀ ਜਾਂਚ ਨੂੰ ਅੱਗੇ ਵਧਉਦਿਆਂ ਕੁੰਡਲੀ ਥਾਣੇ ਦੀ ਪੁਲਿਸ ਪਿੰਡ ਚੀਮਾਂ ਕਲਾਂ ਤੇ ਹਵੇਲੀਆਂ ਪੁੱਜੀ। ਜਿਥੇ ਲਖਬੀਰ ਸਿੰਘ ਦੀ ਭੈਣ ਅਤੇ ਵਾਇਰਲ ਵੀਡੀਓ ਵਿਚ ਸਾਹਮਣੇ ਆਏ ਪਰਗਟ ਸਿੰਘ ਦੇ ਬਿਆਲ ਕਲਮਬੰਦ ਕੀਤੇ ਗਏ।ਦੱਸਣਾ ਬਣਦਾ ਹੈ ਕਿ ਸਿੰਘੂ ਬਾਰਡਰ ’ਤੇ 15 ਅਕਤੂਬਰ ਨੂੰ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਨਾਮਕ ਵਿਅਕਤੀ ਦਾ ਹੱਥ ਅਤੇ ਪੈਰ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਉੱਪਰ ਦੋਸ਼ ਸੀ ਕਿ ਉਸਨੇ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਹੈ। ਜਿਸਦੇ ਚਲਦਿਆਂ ਉਸਦੀ ਹੱਤਿਆ ਕੀਤੀ ਗਈ। ਹਰਿਆਣਾ ਪੁਲਿਸ ਨੇ ਇਸ ਸਬੰਧੀ ਥਾਣਾ ਕੁੰਡਲੀ ’ਚ ਕੇਸ ਦਰਜ ਕੀਤਾ ਸੀ, ਹਤਿਆ ਦੀ ਜਿੰਮੇਵਾਰੀ ਲੈਂਦਿਆਂ ਕਈ ਨਿਹੰਗ ਸਿੰਘਾਂ ਨੇ ਆਤਮ ਸਮਰਪਣ ਵੀ ਕਰ ਦਿੱਤਾ ਹੈ।ਜਦੋਂਕਿ ਦੂਸਰੇ ਪਾਸੇ ਇਸੇ ਥਾਣੇ ਵਿਚ ਹੀ ਲਖਬੀਰ ਸਿੰਘ ਦੇ ਖਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਕੁੰਡਲੀ ਥਾਣੇ ਤੋਂ ਆਏ ਸਬ ਇੰਸਪੈਕਟਰ ਰਣਬੀਰ ਸਿੰਘ ਨੇ ਦਿੱਤੀ। ਪੁਲਿਸ ਪਾਰਟੀ ਸਮੇਤ ਪਿੰਡ ਚੀਮਾਂ ਕਲਾਂ ਪਹੁੰਚੇ ਸਬ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਦੇ ਖਿਲਾਫ 612 ਨੰਬਰ ਮੁਕੱਦਮਾਂ ਦਰਜ ਕੀਤਾ ਗਿਅ ਹੈ। ਜਿਸਦੀ ਤਫਤੀਸ਼ ਦੇ ਤਹਿਤ ਹੀ ਉਹ ਇਥੇ ਪਹੁੰਚੇ ਹਨ।ਪੁਲਿਸ ਨੇ ਲਖਬੀਰ ਸਿੰਘ ਦੀ ਭੈਣ ਤੋਂ ਇਲਾਵਾ ਪਿੰਡ ਦੇ ਕੁਝ ਮੋਹਤਬਰਾਂ ਦੇ ਬਿਆਨ ਵੀ ਕਲਮਬੰਦ ਕੀਤੇ। ਉਨ੍ਹਾਂ ਦੱਸਿਆ ਕਿ ਪਰਗਟ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਹਵੇਲੀਆਂ ਦੇ ਬਿਆਨ ਵੀ ਲਏ ਗਏ ਹਨ। ਪਰਗਟ ਸਿੰਘ ਦਾ ਨਾਂ ਹਾਲ ਹੀ ਵਿਚ ਵਾਇਰਲ ਹੋਈ ਵੀਡੀਓ ਵਿਚ ਲਖਬੀਰ ਸਿੰਘ ਵੱਲੋਂ ਬੋਲੇ ਗਏ ਨੰਬਰ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਲਖਬੀਰ ਸਿੰਘ 30-30 ਹਜਾਰ ਰੁਪਏ ਦੇਣ ਦੀ ਗੱਲ ਵੀ ਕਰ ਰਿਹਾ ਹੈ।
ਪੁਲਿਸ ਨੇ ਰਾਜ ਕੌਰ ਤੇ ਪਰਗਟ ਸਿੰਘ ਤੋਂ ਇਲਾਵਾ ਹਵੇਲੀਆਂ ਪਿੰਡ ਦੇ ਮੁਖਤਿਆਰ ਸਿੰਘ, ਗੁਰਲਾਲ ਸਿੰਘ ਮੈਂਬਰ ਪੰਚਾਇਤ, ਲਖਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਇਕਬਾਲ ਸਿੰਘ ਆਦਿ ਕੋਲੋਂ ਵੀ ਜਾਣਕਾਰੀ ਲਈ। ਸਬ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਤਫਤੀਸ਼ ਦੀ ਰਿਪੋਰਟ ਮੁਕੰਮਲ ਕਰਕੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਅਤੇ ਅੱਗੇ ਬਾਰੇ ਉਹ ਹੀ ਜਿਆਦਾ ਦੱਸ ਸਕਦੇ ਹਨ।
