ਸਰਕਾਰ ਨੇ ਕੋਰੋਨਾ ਨਾਲ ਮਰਨ ‘ਤੇ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਸੁਪਰੀਮ ਕੋਰਟ ਵਿੱਚ ਦੱਸਿਆ ਗਿਆ ਹੈ ਕਿ ਹੁਣ ਤੱਕ 6 ਲੱਖ ਤੋਂ ਵੱਧ ਲੋਕਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਭਰ ਤੋਂ 8 ਲੱਖ ਤੋਂ ਵੱਧ ਅਜਿਹੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜੋ ਕਿ ਸੂਬਾ ਸਰਕਾਰਾਂ ਨੂੰ ਮਿਲੇ ਕੋਰੋਨਾ ਕਾਰਨ ਮੌਤਾਂ ਦੇ ਅਧਿਕਾਰਤ ਅੰਕੜਿਆਂ ਤੋਂ ਕਿਤੇ ਵੱਧ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਮਹਾਰਾਸ਼ਟਰ ‘ਚ ਕੋਰੋਨਾ ਨਾਲ ਮੌਤ ‘ਤੇ ਮੁਆਵਜ਼ੇ ਦੀਆਂ ਜ਼ਿਆਦਾਤਰ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇੱਥੇ 242088 ਲੋਕਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 68069 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਮਹਾਰਾਸ਼ਟਰ ਵਿੱਚ ਕੋਰੋਨਾ ਨਾਲ ਸਰਕਾਰੀ ਮੌਤਾਂ ਦੀ ਗਿਣਤੀ 158296 ਹੈ।
ਪਿਛਲੀ ਸੁਣਵਾਈ ‘ਚ ਸੁਪਰੀਮ ਕੋਰਟ ਨੇ ਕੋਰੋਨਾ ਨਾਲ ਮੌਤ ਦਾ ਫਰਜ਼ੀ ਸਰਟੀਫਿਕੇਟ ਦਿਖਾ ਕੇ ਮੁਆਵਜ਼ਾ ਲੈਣ ਦੀ ਕੋਸ਼ਿਸ਼ ‘ਤੇ ਡੂੰਘੀ ਨਰਾਜ਼ਗੀ ਜਤਾਈ ਸੀ। 14 ਮਾਰਚ ਨੂੰ ਹੋਈ ਸੁਣਵਾਈ ‘ਤੇ ਅਦਾਲਤ ਨੇ ਕਿਹਾ ਸੀ ਕਿ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਾਡੇ ਹੁਕਮ ਦੀ ਦੁਰਵਰਤੋਂ ਹੋ ਸਕਦੀ ਹੈ। ਅਦਾਲਤ ਨੇ ਮੌਤ ਦੇ ਸਰਟੀਫਿਕੇਟ ‘ਚ ਮੌਤ ਦਾ ਕਾਰਨ ਕੋਰੋਨਾ ਨਾ ਹੋਣ ‘ਤੇ ਮੁਆਵਜ਼ਾ ਦੇਣ ਤੋਂ ਇਨਕਾਰ ਕਰਨ ‘ਤੇ ਵੀ ਸਰਕਾਰ ਦੀ ਖਿਚਾਈ ਕੀਤੀ ਸੀ।
