
ਅੱਜ ਦੀ ਜੀਵਨ ਸ਼ੈਲੀ ਵਿੱਚ ਮਾਪੇ ਬੱਚਿਆਂ ਦੇ ਵਿਵਹਾਰ ਨੂੰ ਲੈ ਕੇ ਬਹੁਤ ਚਿੰਤਤ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਅਸੀਂ ਬਹੁਤ ਹੀ ਅਰਾਮਦਾਇਕ, ਸੁੱਖ ਸਹੂਲਤਾਂ ਨਾਲ ਲਬਰੇਜ਼ ਜ਼ਿੰਦਗੀ ਜਿਓ ਰਹੇ ਹਾਂ। ਅੱਜ ਉਹ ਸਮਾਂ ਨਹੀਂ ਕਿ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਇੱਕ ਮਿੱਥੇ ਤਿਥ ਤਿਉਹਾਰ ਦੀ ਉਡੀਕ ਕੀਤੀ ਜਾਵੇ, ਬਲਕਿ ਮਾਪੇ ਬੱਚੇ ਦੇ ਮੂੰਹ ਵਿਚੋਂ ਨਿਕਲੀ ਹਰ ਫਰਮਾਇਸ਼ ਨੂੰ ਉਸੇ ਸਮੇਂ ਪੂਰਿਆਂ ਕਰਨ ਦਾ ਯਤਨ ਕਰਦੇ ਹਨ। ਪਰ ਇਸ ਸੁੱਖ ਸਹੂਲਤਾਂ ਦੇ ਹੁੰਦਿਆਂ ਹੋਇਆਂ, ਐਸ਼ੋ ਅਰਾਮ ਦੇ ਵੱਧ ਸਾਧਨ ਹੁੰਦਿਆਂ ਹੋਇਆਂ ਵੀ ਅਕਸਰ ਦੇਖਿਆ ਗਿਆ ਹੈ ਕਿ ਬੱਚੇ ਬਹੁਤ ਜਲਦੀ ਚਿੜਚਿੜੇ ਹੋ ਜਾਂਦੇ ਹਨ। ਉਨ੍ਹਾਂ ਨੂੰ ਨਿੱਕੀ ਜਿਹੀ ਗੱਲ ‘ਤੇ ਗੁੱਸਾ ਆ ਜਾਂਦਾ ਹੈ ਅਤੇ ਇਹ ਨਾਰਾਜ਼ਗੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ। ਬੱਚਿਆਂ ਦੀ ਸ਼ਹਿਣਸ਼ੀਲਤਾ ਏਨੀ ਘੱਟ ਚੁੱਕੀ ਹੈ ਕਿ ਉਹ ਮਾਪਿਆਂ ਦੁਆਰਾ ਕਹੀ ਗੱਲ ਨੂੰ ਵੀ ਸਹਾਰਨ ਨੂੰ ਤਿਆਰ ਨਹੀਂ ਹਨ। ਅੱਜ ਬਹੁਤ ਸਾਰੇ ਮਾਪੇ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਉਹਨਾਂ ਦੇ ਬੱਚੇ ਉਹਨਾਂ ਦੀ ਇੱਕ ਗੱਲ ਨਹੀਂ ਸਹਾਰਦੇ, ਹਾਲਾਂਕਿ ਮਾਪਿਆਂ ਦੁਆਰਾ ਬੱਚਿਆਂ ਦੀ ਰੀਝਾਂ ਪੂਰੀਆਂ ਕਰਨ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਂਦੀ। ਇਸੇ ਚਿੜਚਿੜੇਪਣ ਕਰਕੇ ਬੱਚੇ ਨਾ ਤਾਂ ਚੰਗੇ ਦੋਸਤ ਬਣਾ ਸਕਦੇ ਹੁੰਦੇ ਹਨ ਅਤੇ ਨਾ ਹੀ ਬੱਚੇ ਆਪਣੇ ਆਲੇ ਦੁਆਲੇ ਦੇ ਲੋਕਾਂ ਅਤੇ ਸਾਕ ਸੰਬੰਧੀਆਂ ਨਾਲ ਜਿਆਦਾ ਖੁੱਲ੍ਹ ਪਾਉਂਦੇ ਹਨ। ਅਕਸਰ ਅਜਿਹੀ ਮਾਨਸਿਕਤਾ ਵਾਲੇ ਬੱਚੇ ਜਿਆਦਤਰ ਕ੍ਰੋਧਿਤ ਰਹਿੰਦੇ ਹਨ ਅਤੇ ਹੌਲੀ ਹੌਲੀ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸੇ ਕਾਰਣ ਨਾ ਤਾਂ ਉਹ ਪੜਾਈ ਵਿੱਚ ਆਪਣਾ ਵਧੀਆ ਪ੍ਦਰਸ਼ਨ ਕਰ ਪਾਉਂਦੇ ਹਨ ਅਤੇ ਨਾ ਹੀ ਕਿਸੇ ਹੋਰ ਗਤੀਵਿਧੀਆਂ ਵਿੱਚ। ਅਜਿਹੇ ਬੱਚਿਆਂ ਨੂੰ ਲੱਗਦਾ ਹੁੰਦਾ ਹੈ ਕਿ ਜਿਹੜੀ ਚੀਜ਼ ਨੂੰ ਪਾਉਣ ਦੀ ਤਮੰਨਾ ਉਹਨਾਂ ਦੇ ਮਨ ਵਿੱਚ ਹੈ ਉਹ ਹਰ ਹੀਲੇ ਉਹਨਾਂ ਕੋਲ ਹੋਣੀ ਚਾਹੀਦੀ ਹੈ। ਅਜਿਹੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਜਾਂ ਤਾਂ ਬਹੁਤ ਘੱਟ ਹੁੰਦਾ ਹੈ ਜਾਂ ਫਿਰ ਲੋੜ ਤੋਂ ਵੱਧ ਹੁੰਦਾ ਹੈ, ਜਦੋਂ ਲੋੜ ਤੋਂ ਵੱਧ ਆਤਮ ਵਿਸ਼ਵਾਸ ਹੁੰਦਾ ਹੈ ਤਾਂ ਅਜਿਹੇ ਬੱਚਿਆਂ ਨੂੰ ਆਪਣਾ ਆਪ ਹਰ ਜਗ਼੍ਹਾ ਸਹੀ ਲੱਗਦਾ ਹੈ, ਅਤੇ ਕਿਸੇ ਹੋਰ ਦੀ ਗੱਲ ਸੁਣਨ ਜਾਂ ਮੰਨਣ ਤੋਂ ਬਿਲਕੁਲ ਮੁਨਕਰ ਹੁੰਦੇ ਹਨ, ਜੇਕਰ ਅਜਿਹੇ ਬੱਚਿਆਂ ਨੂੰ ਤਾੜਨਾ ਕੀਤੀ ਜਾਵੇ ਤਾਂ ਇਹਨਾਂ ਦਾ ਚਿੜਚਿੜਾਪਨ ਸਾਹਮਣੇ ਆਉਂਦਾ ਹੈ। ਇਹ ਉਹ ਕੁਝ ਗੱਲਾਂ ਹਨ ਜੋ ਆਮ ਹੀ ਘਰਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ ਪਰ ਹੁਣ ਸੋਚਣ ਵੀ ਗੱਲ ਇਹ ਹੈ ਕਿ ਇਸ ਚਿੜਚਿੜੇਪਣ ਦੇ ਕਾਰਣ ਕੀ ਹਨ, ਕੋਈ ਵੀ ਸੁਭਾਅ ਮਨੁੱਖ ਮਾਂ ਦੇ ਪੇਟ ਵਿੱਚੋਂ ਲੈਕੇ ਨਹੀਂ ਆਉਂਦਾ ਬਲਕਿ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਤੋਂ ਆਦਤਾਂ ਗ੍ਹਹਿਣ ਕਰਦਾ ਰਹਿੰਦਾ ਹੈ ਅਤੇ ਆਪਣੇ ਸੁਭਾਅ ਦਾ ਵਿਕਾਸ ਕਰਦਾ ਰਹਿੰਦਾ ਹੈ।
