ਪਟਿਆਲਾ – ਬਾਲੀਵੁੱਡ ਦੇ ਮਸ਼ਹੂਰ ਗਾਇਕ ਦਲੇਰ ਮਹਿੰਦੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 2003 ‘ਚ ਦਲੇਰ ਮਹਿੰਦੀ ‘ਤੇ ਕਬੂਤਰਬਾਜ਼ੀ ਦਾ ਮਾਮਲਾ ਦਰਜ ਹੋਇਆ ਸੀ। ਇਸ ਵਿੱਚ ਉਸਨੂੰ ਪਹਿਲਾਂ 2 ਸਾਲ ਕੈਦ ਦੀ ਸਜ਼ਾ ਹੋਈ ਸੀ ਪਰ ਉਸ ਨੇ ਸਜ਼ਾ ਨੂੰ ਪਟਿਆਲਾ ਦੀ ਸੈਸ਼ਨ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਇਹ ਸਜ਼ਾ ਬਰਕਰਾਰ ਰਹਿਣ ‘ਤੇ ਵੀਰਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਲੇਰ ਮਹਿੰਦੀ ਨੂੰ ਸਜ਼ਾ ਭੁਗਤਣ ਲਈ ਹੁਣ ਪਟਿਆਲਾ ਦੀ ਉਸੇ ਕੇਂਦਰੀ ਜੇਲ੍ਹ ਭੇਜਿਆ ਗਿਆ ਹੈ ਜਿਥੇ ਕਿ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਵੀ ਬੰਦ ਹਨ।
ਵਰਨਣਯੋਗ ਹੈ ਕਿ ਦਲੇਰ ਮਹਿੰਦੀ ਉਪਰ ਕਬੂਤਰਬਾਜ਼ੀ ਜਾਣੀ ਕਿ ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਦੋਸ਼ ਲਗਾਏ ਗਏ ਸਨ। ਗਾਇਕ ਦਲੇਰ ਮਹਿੰਦੀ ਆਪਣੇ ਸ਼ੋਅਜ਼ ਲਈ ਵਿਦੇਸ਼ ਜਾਂਦੇ ਰਹਿੰਦੇ ਹਨ। ਉਸ ‘ਤੇ 1998-99 ‘ਚ ਸ਼ੋਅ ਲਈ ਜਾਂਦੇ ਸਮੇਂ ਗੈਰ-ਕਾਨੂੰਨੀ ਢੰਗ ਨਾਲ 10 ਲੋਕਾਂ ਨੂੰ ਅਮਰੀਕਾ ਲੈ ਕੇ ਜਾਣ ਦਾ ਦੋਸ਼ ਹੈ। ਦਲੇਰ ਮਹਿੰਦੀ ‘ਤੇ ਇਨ੍ਹਾਂ ਲੋਕਾਂ ਨੂੰ ਆਪਣੀ ਟੀਮ ਦਾ ਹਿੱਸਾ ਦੱਸਕੇ ਉਨ੍ਹਾਂ ਨੂੰ ਵਿਦੇਸ਼ ਲਿਜਾਣ ਦੇ ਬਦਲੇ ਪੈਸੇ ਲਏ ਲੈਣ ਦਾ ਦੋਸ਼ ਸੀ। ਇਸ ਤੋਂ ਬਾਅਦ 19 ਸਤੰਬਰ 2003 ਨੂੰ ਦਲੇਰ ਦੇ ਭਰਾ ਸ਼ਮਸ਼ੇਰ ਖਿਲਾਫ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ ਪੁਲਸ ਨੇ ਇਸ ‘ਚ ਦਲੇਰ ਮਹਿੰਦੀ ਦਾ ਨਾਂ ਵੀ ਲਿਆ ਸੀ। ਦਲੇਰ ਮਹਿੰਦੀ ਖ਼ਿਲਾਫ਼ 2003 ਵਿੱਚ ਕੇਸ ਦਰਜ ਹੋਇਆ ਸੀ। 2018 ਵਿੱਚ, ਪਟਿਆਲਾ ਦੀ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਨੇ ਲਗਭਗ 15 ਸਾਲ ਦੀ ਸੁਣਵਾਈ ਤੋਂ ਬਾਅਦ ਉਸਨੂੰ ਦੋ ਸਾਲ ਦੀ ਕੈਦ ਅਤੇ 2,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਸਜ਼ਾ 3 ਸਾਲ ਤੋਂ ਘੱਟ ਹੋਣ ਕਾਰਨ ਦਲੇਰ ਮਹਿੰਦੀ ਨੂੰ ਉਸੇ ਸਮੇਂ ਜ਼ਮਾਨਤ ਮਿਲ ਗਈ ਸੀ। ਇਸ ਮਾਮਲੇ ‘ਚ ਦੋਸ਼ੀ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸ਼ਮਸ਼ੇਰ ਸਿੰਘ ਅਤੇ ਧਿਆਨ ਸਿੰਘ ਦੀ ਮੌਤ ਹੋ ਗਈ ਹੈ। ਦਲੇਰ ਮਹਿੰਦੀ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਟਿਆਲਾ ਸੈਸ਼ਨ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਵੀਰਵਾਰ ਨੂੰ ਇਸ ਦੀ ਸੁਣਵਾਈ ਦੌਰਾਨ ਵਧੀਕ ਸੈਸ਼ਨ ਜੱਜ ਐੱਚ ਐੱਸ ਗਰੇਵਾਲ ਨੇ ਦਲੇਰ ਮਹਿੰਦੀ ਦੀ ਪਟੀਸ਼ਨ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਦਲੇਰ ਮਹਿੰਦੀ ਨੂੰ ਉਥੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
