India

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਗੁਰੂ ਸਾਹਿਬ ਨੇ ਲੋਕਾਈ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਿਆ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋ ਕੇ ਇਹ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਸੰਪੰਨ ਹੋਇਆ। ਬੇਹੱਦ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪੰਜ ਪਿਆਰਿਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ।

ਗੁਰਦੁਆਰਾ ਸੀਸਗੰਜ ਸਾਹਿਬ ਤੋਂ ਆਰੰਭ ਹੋ ਕੇ ਨਗਰ ਕੀਰਤਨ ਖਾਲੀ ਬਾਊਲੀ, ਨਵਾਂ ਆਜ਼ਾਦ ਚੌਂਕ, ਮਠਿਆਈ ਪੁੱਲ, ਪੁੱਲ ਬੰਗਸ਼, ਚੌਂਕ ਘੰਟਾ ਘਰ, ਰਾਣਾ ਪ੍ਰਤਾਪ ਬਾਗ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕ ਪਿਆਊ ਸਾਹਿਬ ਪਹੁੰਚਿਆ। ਸਮੁੱਚੇ ਰਸਤੇ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਸ਼ਾਮਲ ਜੱਥਿਆਂ ਤੇ ਟੀਮਾਂ ਵਾਸਤੇ ਵੰਨ ਸੁਵੰਨ ਲੰਗਰ ਲਗਾਏ ਹੋਏ ਸਨ। ਨਗਰ ਕੀਰਤਨ ਦਾ ਹਰ ਥਾਂ ਭਰਵਾਂ ਸਵਾਗਤ ਹੋਇਆ ਤੇ ਨਗਰ ਕੀਰਤਨ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸੰਗਤ ਦਾ ਉਤਸ਼ਾਹ ਸਿਖ਼ਰਾਂ ’ਤੇ ਰਿਹਾ। ਨਗਰ ਕੀਰਤਨ ਵਿਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਬੀਬੀਆਂ ਸਮੇਤ ਹਰ ਵਰਗ ਨੇ ਹਿੱਸਾ ਲਿਆ। ਵੱਖ-ਵੱਖ ਸਕੂਲੀ ਜੱਥਿਆਂ ਤੋਂ ਇਲਾਵਾ ਨਗਰ ਕੀਰਤਨ ਵਿਚ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜੱਥਿਆਂ ਨੇ ਆਪਣੇ ਗੱਤਕੇ ਦੇ ਕਰਤਬ ਵੀ ਵਿਖਾਏ। ਇਸਦੇ ਨਾਲ ਹੀ ਨਗਰ ਕੀਰਤਨ ਵਿਚ ਗੁਰੂ ਸਾਹਿਬ ਦੇ ਇਤਿਹਾਸ ਨਾਲ ਸਬੰਧਤ ਫਿਲਮ ਵੀ ਵਿਖਾਈ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਵਿਚ ਸਿਰਫ ਦਿੱਲੀ ਹੀ ਨਹੀਂ ਬਲਕਿ ਜੰਮੂ-ਕਸ਼ਮੀਰ ਸਮੇਤ ਦੇਸ਼ ਵਿਦੇਸ਼ ਦੀ ਸੰਗਤ ਸ਼ਾਮਲ ਹੋਈ ਹੈ। ਉਹਨਾਂ ਕਿਹਾ ਕਿ ਨਗਰ ਕੀਰਤਨ ਵਿਚ ਸ਼ਾਮਲ ਹੋਣ ਤੇ ਇਸਦੇ ਦਰਸ਼ਨ ਕਰਨ ਵਾਲੀ ਸੰਗਤ ਵੱਡਭਾਗੀ ਹੈ ਜਿਸਨੂੰ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ।

ਦੋਵਾਂ ਆਗੂਆਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਸੰਸਾਰ ਵਿਚ ਆ ਕੇ ਲੋਕਾਂ ਦੇ ਵਹਿਮ ਭਰਮ ਦੂਰ ਕੀਤੇ ਜਦੋਂ ਕਰਮ ਕਾਂਡ ਸਿਖ਼ਰਾਂ ’ਤੇ ਸਨ। ਉਹਨਾਂ ਕਿਹਾਕਿ  ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਤੇ ਵੱਖ-ਵੱਖ ਵਰਗਾਂ ਤੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਕਰਮ ਕਾਂਡਾਂ ਤੇ ਵਹਿਮਾਂ ਭਰਮਾਂ ਵਿਚੋਂ ਕੱਢਿਆ ਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੀ ਲੋਕਾਈ ਨੂੰ ਦੱਸਿਆ ਕਿ ਜਾਤ-ਪਾਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਬਲਕਿ ਸਭ ਤੋਂ ਵੱਡੀ ਮਨੁੱਖਤਾ ਤੇ ਇਨਸਾਨੀਅਤ ਦੀ ਗੱਲ ਹੁੰਦੀ ਹੈ।  ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਸੰਗਤਾਂ ਵੱਡੀ ਗਿਣਤੀ ਵਿ ਹਾਜ਼ਰ ਸਨ।

Related posts

AI ਇੱਕ ਸਾਧਨ ਹੈ ਇਹ ਮਨੁੱਖੀ ਸਮਝ ਦੀ ਥਾਂ ਨਹੀਂ ਲੈ ਸਕਦਾ – ਚੀਫ਼ ਜਸਟਿਸ

admin

‘PARAM-2’ ‘AI ਇਮਪੈਕਟ ਸਮਿਟ 2026’ ਦੌਰਾਨ ਲਾਂਚ ਹੋਵੇਗਾ

admin

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ

admin