ਤਿਰੂਵਨੰਤਪੁਰਮ – ਕਾਂਗਰਸ ਦੇ ਸਿਖਰਲੇ ਆਗੂ ਰਾਹੁਲ ਗਾਂਧੀ, ਪਾਰਟੀ ਨੇਤਾ ਅਤੇ ਸਥਾਨਕ ਸੰਸਦ ਮੈਂਬਰ ਸ਼ਸ਼ੀ ਥਰੂਰ, ਕੇਪੀਸੀਸੀ ਮੁਖੀ ਕੇ ਸੁਧਾਕਰਨ, ਰਾਜ ਮੰਤਰੀ ਕੇ ਰਾਧਾਕ੍ਰਿਸ਼ਨਨ ਅਤੇ ਸੀਪੀਆਈ ਦੇ ਐਨੀ ਰਾਜਾ ਨੇ ਬੁੱਧਵਾਰ ਨੂੰ ਨਾਮਜ਼ਦਗੀਆਂ ਦਾਖਲ ਕੀਤੀਆਂ। ਰਾਹੁਲ ਗਾਂਧੀ ਨੇ ਵਾਇਨਾਡ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਨ੍ਹਾਂ ਆਗੂਆਂ ਨੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ ਤੋਂ ਇਕ ਦਿਨ ਪਹਿਲਾਂ ਆਪਣੇ ਪੱਤਰ ਦਾਖਲ ਕੀਤੇ। ਦੱਸਣਯੋਗ ਹੈ ਕਿ ਇਥੇ 26 ਅਪ੍ਰੈਲ ਨੂੰ ਚੋਣਾਂ ਹੋਣੀਆਂ ਹਨ।
ਵਰਣਨਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਵਾਇਨਾਡ ਤੋਂ ਨਾਮਜ਼ਦਗੀ ਪੱਤਰ ਭਰਿਆ। ਇਸ ਦੌਰਾਨ ਉਨ੍ਹਾਂ ਨਾਲ ਪਿ੍ਰਯੰਕਾ ਗਾਂਧੀ ਅਤੇ ਉਨ੍ਹਾਂ ਦੇ ਕਈ ਸਮਰਥਕ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਰਾਹੁਲ ਨੇ ਇੱਥੇ ਰੋਡ ਸ਼ੋਅ ਵੀ ਕੱਢਿਆ। ਇਸ ਦੌਰਾਨ ਰਾਹੁਲ ਨੇ ਕਿਹਾ ਕਿ ਮੈਂ 5 ਸਾਲ ਪਹਿਲਾਂ ਵੀ ਵਾਇਨਾਡ ਆਇਆ, ਜਦੋਂ ਤੁਸੀਂ ਮੈਨੂੰ ਸੰਸਦ ਮੈਂਬਰ ਦੇ ਰੂਪ ਵਿਚ ਚੁਣਿਆ ਸੀ। ਵਾਇਨਾਡ ਦੇ ਹਰ ਸ਼ਖ਼ਸ ਨੇ ਮੈਨੂੰ ਪਿਆਰ ਅਤੇ ਸਨਮਾਨ ਦਿੱਤਾ, ਮੈਨੂੰ ਆਪਣੇ ਵਰਗਾ ਮੰਨਿਆ। ਪਾਰਟੀ ਵਰਕਰਾਂ ਅਤੇ ਸਮਰਥਕਾਂ ਸਮੇਤ ਹਜ਼ਾਰਾਂ ਲੋਕਾਂ ਦੀ ਭੀੜ ਨੂੰ ਸੰਬੋਧਿਤ ਕਰਦਿਆਂ ਰਾਹੁਲ ਨੇ ਕਿਹਾ ਕਿ ਵਾਇਨਾਡ ਦੇ ਲੋਕਾਂ ਦਾ ਅਟੁੱਟ ਸਮਰਥਨ ਲਈ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ। ਅਸੀਂ ਨਿਆਂ ਦੇ ਇਕ ਨਵੇਂ ਯੁੱਗ ਵਿਚ ਕਦਮ ਰੱਖ ਰਹੇ ਹਾਂ। ਰਾਹੁਲ ਨੇ ਆਪਣੀ ਭੈਣ ਪਿ੍ਰਯੰਕਾ ਗਾਂਧੀ ਨਾਲ ਕਲਪੇਟਾ ਤੋਂ ਸਿਵਲ ਸਟੇਸ਼ਨ ਤੱਕ ਰੋਡ ਸ਼ੋਅ ਕੀਤਾ। ਵੱਖ-ਵੱਖ ਉਮਰ ਵਰਗ ਦੇ ਲੋਕ ਕਾਂਗਰਸ ਸੰਸਦ ਮੈਂਬਰ ਦੀ ਤਸਵੀਰ ਨਾਲ ਪਾਰਟੀ ਦੇ ਝੰਡੇ, ਤਖ਼ਤੀਆ ਅਤੇ ਪਾਰਟੀ ਦੇ ਰੰਗ ਵਾਲੇ ਗੁਬਾਰੇ ਲੈ ਕੇ ਰਾਹੁਲ ਦਾ ਸਵਾਗਤ ਕਰਨ ਲਈ ਸੜਕਾਂ ਦੇ ਕਿਨਾਰੇ ਇਕੱਠੇ ਹੋਏ। ਰਾਹੁਲ ਵਾਇਨਾਡ ਲੋਕ ਸਭਾ ਖੇਤਰ ਤੋਂ ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਕੇ. ਸੁਰੇਂਦਰਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਨੇਤਾ ਏਨੀ ਰਾਜਾ ਖਿਲਾਫ਼ ਚੋਣ ਲੜਨਗੇ। ਉਨ੍ਹਾਂ ਨੇ 2019 ਵਿਚ ਇਸ ਸੀਟ ਤੋਂ 4 ਲੱਖ ਤੋਂ ਵੱਧ ਵੋਟਾਂ ਨਾਲ ਭਾਰੀ ਅੰਤਰ ਨਾਲ ਜਿੱਤ ਹਾਸਲ ਕੀਤੀ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਵਿਚ ਕੁੱਲ 10,92,197 ਵੋਟਾਂ ਵਿਚੋਂ 7,06,367 ਵੋਟਾਂ ਹਾਸਲ ਕਰ ਕੇ ਜੇਤੂ ਰਹੇ ਸਨ। ਕੇਰਲ ਵਿਚ ਇਸ ਸਾਲ ਲੋਕ ਸਭਾ ਚੋਣਾਂ ਲਈ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ।
previous post
next post
