ਪ੍ਰੋਵੀਡੈਂਸ (ਗੁਯਾਨਾ) – ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਦੀਆਂ 5 ਵਿਕਟਾਂ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਅਤੇ ਇਬਰਾਹਿਮ ਜ਼ਦਰਾਨ ਵਿਚਾਲੇ ਪਹਿਲੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ‘’ਚ ਯੂਗਾਂਡਾ ਨੂੰ 125 ਦੌੜਾਂ ਨਾਲ ਹਰਾ ਦਿੱਤਾ।ਗੁਰਬਾਜ਼ ਨੇ 45 ਗੇਂਦਾਂ ਵਿੱਚ 76 ਦੌੜਾਂ ਬਣਾਈਆਂ ਜਦਕਿ ਜ਼ਦਰਾਨ ਨੇ 46 ਗੇਂਦਾਂ ਵਿੱਚ 70 ਦੌੜਾਂ ਬਣਾਈਆਂ। ਦੋਵਾਂ ਨੇ ਪੁਰਸ਼ ਟੀ-20 ਵਿਸ਼ਵ ਕੱਪ ‘’ਚ ਪਹਿਲੀ ਵਿਕਟ ਲਈ 154 ਦੌੜਾਂ ਦੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ, ਜਿਸ ਦੀ ਮਦਦ ਨਾਲ ਅਫਗਾਨਿਸਤਾਨ ਨੇ ਪੰਜ ਵਿਕਟਾਂ ’ਤੇ 183 ਦੌੜਾਂ ਬਣਾਈਆਂ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਫਾਰੂਕੀ ਨੇ ਚਾਰ ਓਵਰਾਂ ਵਿੱਚ ਨੌਂ ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਪਹਿਲੀ ਵਾਰ ਵਿਸ਼ਵ ਕੱਪ ‘’ਚ ਪ੍ਰਵੇਸ਼ ਕਰਨ ਵਾਲੀ ਯੁਗਾਂਡਾ ਦੀ ਟੀਮ 16 ਓਵਰਾਂ ‘’ਚ 58 ਦੌੜਾਂ ‘ਤੇ ਆਊਟ ਹੋ ਗਈ।ਫਾਰੂਕੀ ਦੋ ਵਾਰ ਹੈਟਿ੍ਰਕ ਲੈਣ ਦੇ ਨੇੜੇ ਆਇਆ। ਪਹਿਲੀ ਗੇਂਦ ’ਤੇ ਚੌਕਾ ਜੜਨ ਤੋਂ ਬਾਅਦ ਉਸ ਨੇ ਸ਼ਾਨਦਾਰ ਇਨਸਵਿੰਗਰ ਨਾਲ ਰੌਨਕ ਪਟੇਲ ਨੂੰ ਆਊਟ ਕੀਤਾ। ਇਸ ਤੋਂ ਬਾਅਦ ਰੋਜਰ ਮੁਕਾਸਾ ਐੱਲ.ਬੀ.ਡਬਲਿਊ. ਆਈਪੀਐਲ ਵਿੱਚ ਸਨਰਾਈਜ਼ਰਸ ਹੈਦਰਾਬਾਦ ਲਈ ਖੇਡ ਚੁੱਕੇ ਫਾਰੂਕੀ ਨੇ 13ਵੇਂ ਓਵਰ ਵਿੱਚ ਤਿੰਨ ਹੋਰ ਵਿਕਟਾਂ ਲੈ ਕੇ ਟੀ-20 ਕ੍ਰਿਕਟ ਵਿੱਚ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਦਿੱਤਾ। ਉਸ ਨੇ ਰਿਆਜ਼ਤ ਅਲੀ ਸ਼ਾਹ ਨੂੰ ਬੋਲਡ ਕੀਤਾ ਅਤੇ ਯੂਗਾਂਡਾ ਦੇ ਕਪਤਾਨ ਬ੍ਰਾਇਨ ਮਸਾਬਾ ਨੂੰ ਗੁਰਬਾਜ਼ ਹੱਥੋਂ ਕੈਚ ਕਰਵਾਇਆ। ਉਹ ਹੈਟਿ੍ਰਕ ਤੋਂ ਖੁੰਝ ਗਿਆ ਪਰ ਓਵਰ ਦੀ ਆਖਰੀ ਗੇਂਦ ’ਤੇ ਇਕ ਹੋਰ ਵਿਕਟ ਲੈ ਲਿਆ।ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਨੇ ਹਮਲਾਵਰ ਸ਼ੁਰੂਆਤ ਕੀਤੀ। ਗੁਰਬਾਜ਼ ਨੇ ਪਾਰੀ ਦੀ ਦੂਜੀ ਹੀ ਗੇਂਦ ’ਤੇ ਛੱਕਾ ਲਗਾਇਆ। ਜ਼ਦਰਾਨ ਨੇ ਦਿਨੇਸ਼ ਨਾਕਰਾਨੀ ਦੇ ਛੇਵੇਂ ਓਵਰ ਵਿੱਚ ਲਗਾਤਾਰ ਚਾਰ ਚੌਕੇ ਜੜੇ। ਪਾਵਰਪਲੇਅ ਦੇ ਅੰਤ ਤੱਕ ਅਫਗਾਨਿਸਤਾਨ ਨੇ 11 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਬਣਾਈਆਂ ਸਨ। ਗੁਰਬਾਜ਼ ਨੇ ਚਾਰ ਚੌਕੇ ਅਤੇ ਚਾਰ ਛੱਕੇ ਜੜੇ ਅਤੇ ਸਿਰਫ 28 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
next post
