International

ਟਰੂਡੋ ਨੇ ਭਾਰਤ ’ਤੇ ਲਾਏ ਆਪਣੇ ਡਿਪਲੋਮੈਟਾਂ ਰਾਹੀਂ ਕੈਨੇਡੀਅਨਾਂ ਉਤੇ ਹਮਲੇ ਕਰਾਉਣ ਦੇ ਦੋਸ਼

ਵਾਸ਼ਿੰਗਟਨ – ਭਾਰਤ ਅਤੇ ਕੈਨੇਡਾ ਦਰਮਿਆਨ ਜਾਰੀ ਸਿਖਰਾਂ ਦੇ ਸਫ਼ਾਰਤੀ ਤਣਾਅ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੰਭੀਰ ਦੋਸ਼ ਲਾਏ ਹਨ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਹੀ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਜੁਰਮਾਂ (ਨੂੰ ਅੰਜਾਮ ਦੇਣ ਵਾਲਿਆਂ) ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਨਵੀਂ ਦਿੱਲੀ ਦੀ ‘ਭਾਰੀ ਗ਼ਲਤੀ’ ਕਰਾਰ ਦਿੱਤਾ ਹੈ।
ਟਰੂਡੋ ਨੇ ਇਹ ਟਿੱਪਣੀਆਂ ਸੋਮਵਾਰ ਨੂੰ ਭਾਰਤ ਵੱਲੋਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਨਾਲ ਹੀ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਅਤੇ ‘ਨਿਸ਼ਾਨਾ ਬਣਾਏ ਗਏ’ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੀਤੀਆਂ ਹਨ। ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਵਿਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੀ ਜਾਂਚ ਨਾਲ ਭਾਰਤੀ ਸਫ਼ੀਰਾਂ ਦਾ ਨਾਂ ਜੋੜਦਿਆਂ ਓਟਵਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਛੇ ਭਾਰਤੀ ਡਿਪਲੋਮੈਟਾਂ ਨੂੰ ਮੁਲਕ ਵਿਚੋਂ ਬਰਤਰਫ਼ ਕਰ ਦਿੱਤਾ ਸੀ।
ਗ਼ੌਰਲਤਬ ਹੈ ਕਿ ਭਾਰਤ ਲਗਾਤਾਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਕੈਨੇਡਾ ਦੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦਾ ਆ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਸਾਲ ਸਤੰਬਰ ਵਿਚ ਨਿੱਝਰ ਦੇ ਕਤਲ ਕੇਸ ਵਿਚ ਭਾਰਤੀ ਏਜੰਟਾਂ ਦੀ ‘ਸੰਭਵ’ ਸ਼ਮੂਲੀਅਤ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਣਾਅ ਬਣਿਆ ਹੋਇਆ ਹੈ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਬੀਤੇ ਦਿਨੀਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿਚ ‘ਵੱਡੇ ਪੱਧਰ ’ਤੇ ਹਿੰਸਾ’ ਫੈਲਾਉਣ ਵਿਚ ਸ਼ਾਮਲ ਹਨ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਬਦ ਤੋਂ ਬਦਤਰ ਹੋ ਗਏ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ ਆਰਸੀਐੱਮਪੀ ਨੇ ਕਿਹਾ ਸੀ ਕਿ ਇਸ ਨਾਲ ‘ਕੈਨੇਡਾ ਵਿਚ ਜਨਤਕ ਸੁਰੱਖਿਆ ਲਈ ਭਾਰੀ ਖ਼ਤਰਾ’ ਪੈਦਾ ਹੁੰਦਾ ਹੈ।ਟਰੂਡੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘‘ਮੇਰਾ ਵਿਸ਼ਵਾਸ ਹੈ ਕਿ ਭਾਰਤ ਨੇ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਅਪਰਾਧੀਆਂ ਦੀ ਚੋਣ, ਕੈਨੇਡੀਅਨਾਂ ਉਤੇ ਹਮਲੇ ਕਰਨ ਅਤੇ ਉਨ੍ਹਾਂ ਨੂੰ ਇਥੇ (ਉਨ੍ਹਾਂ ਦੇ) ਘਰ ਵਿਚ ਹੀ ਅਸੁਰੱਖਿਅਤ ਮਹਿਸੂਸ ਕਰਾਉਣ, ਅਤੇ ਇੰਨਾ ਹੀ ਨਹੀਂ ਸਗੋਂ ਹਿੰਸਕ ਕਾਰਵਾਈਆਂ ਤੇ ਕਤਲ ਤੱਕ ਕਰਨ ਲਈ ਕਰ ਕੇ ਮਿਸਾਲੀ ਗ਼ਲਤੀ ਕੀਤੀ ਹੈ। ਅਜਿਹਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ।’’

Related posts

14 ਸ਼ਰਤਾਂ ‘ਤੇ ਅਮਰੀਕਾ-ਈਰਾਨ ਸਹਿਮਤ : 111 ਦਿਨਾਂ ਤੋਂ ਚੱਲ ਰਹੇ ਯੁੱਧ ਦੇ ਅੰਤ ਲਈ ਸਮਝੌਤੇ ‘ਤੇ ਦਸਤਖਤ !

admin

ਜੇ ਕਮਾਂਡਰ ਸੁਲੇਮਾਨੀ ਨਾ ਮਰਦਾ ਤਾਂ ਅੱਜ ਈਰਾਨ-ਅਮਰੀਕਾ ਸਮਝੌਤਾ ਸੰਭਵ ਨਾ ਹੁੰਦਾ – ਟਰੰਪ

admin

ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ 34 ਭਾਰਤੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਰਵਾਨਾ ਹੋਣਗੇ

admin