ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ‘ਐੱਸ. ਪੀ. ਐੱਸ. ਐੱਸ. ਦੁਆਰਾ ਮਲਟੀਪਲ ਰਿਗਰੈਸ਼ਨ ਵਿਸ਼ਲੇਸ਼ਣ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਤੇ ਵਰਕਸ਼ਾਪ ਚੇਅਰਪਰਸਨ ਦੇ ਸਹਿਯੋਗ ਨਾਲ ਕਰਵਾਈ ਉਕਤ ਵਰਕਸ਼ਾਪ ਮੌਕੇ ਜੀ. ਐੱਨ. ਡੀ. ਯੂ. ਕਾਲਜ, ਚੂੰਘਾਂ, ਤਰਨਤਾਰਨ ਤੋਂ ਸਹਾਇਕ ਪ੍ਰੋਫੈਸਰ ਡਾ. ਮਨਜਿੰਦਰ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਸਵਰਜ ਕੌਰ ਨੇ ਡਾ. ਮਨਜਿੰਦਰ ਕੌਰ ਦਾ ਫੁੱਲਾਂ ਨਾਲ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ’ਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ ਜੋ ਉਨ੍ਹਾਂ ਦੇ ਅਕਾਦਮਿਕ ਵਿਕਾਸ ’ਚ ਯੋਗਦਾਨ ਪਾਉਂਦੇ ਹਨ। ਇਸ ਮੌਕੇ ਵਰਕਸ਼ਾਪ ਕੋਆਰਡੀਨੇਟਰ ਡਾ. ਪੂਨਮ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਦੀ ਜਾਣ-ਪਛਾਣ ਕਰਵਾਈ ਅਤੇ ਵਰਕਸ਼ਾਪ ਦੇ ਮੁੱਢਲੇ ਉਦੇਸ਼ਾਂ ’ਤੇ ਚਾਨਣਾ ਪਾਇਆ ਜੋ ਕਿ ਵਿਦਿਆਰਥੀਆਂ ਨੂੰ ਐੱਸ. ਪੀ. ਐੱਸ. ਐੱਸ. ਦੀ ਵਰਤੋਂ ਸਬੰਧੀ ਆਪਣੇ ਵਿਹਾਰਕ ਗਿਆਨ ਨੂੰ ਇਕਸਾਰ ਕਰਨ ’ਚ ਸਹਾਇਤਾ ਕਰਨਾ ਹੈ।
ਇਸ ਮੌਕੇ ਡਾ. ਮਨਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਰਿਗਰੈਸ਼ਨ ਮਾਡਲ ਦੀਆਂ ਵੱਖ-ਵੱਖ ਧਾਰਨਾਵਾਂ ਦੇ ਨਾਲ-ਨਾਲ ਅਸਲ ਜੀਵਨ-ਆਧਾਰਿਤ ਉਦਾਹਰਣਾਂ ’ਚ ਇਸ ਦੀ ਲਾਗੂ ਹੋਣ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਇਸ ਦੌਰਾਨ ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਨੂੰ ਵਧਾਉਣ ਅਤੇ ਵਿੱਦਿਅਕ ਹੁਨਰ ਨੂੰ ਉਤਸ਼ਾਹਿਤ ਕਰਨ ’ਚ ਉਨ੍ਹਾਂ ਦੀ ਭੂਮਿਕਾ ’ਚ ਅਜਿਹੇ ਸਮਾਗਮਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਇਸ ਮੌਕੇ ਡਾ. ਪੂਨਮ ਨੇ ਕਾਰਜਕਾਰੀ ਪ੍ਰਿੰਸੀਪਲ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਰਕਸ਼ਾਪ ’ਚ 85 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਡਾ. ਨਿਧੀ ਸੱਭਰਵਾਲ ਨੇ ਮੰਚ ਸੰਚਾਲਨ ਕਰਦਿਆਂ ਧੰਨਵਾਦ ਦਾ ਮਤਾ ਪੇਸ਼ ਕੀਤਾ। ਜਦਕਿ ਡਾ. ਦੀਪਕ ਦੇਵਗਨ, ਡਾ. ਅਜੈ ਸਹਿਗਲ ਪ੍ਰੋ. ਮੀਨੂੰ ਚੋਪੜਾ, ਡਾ. ਹਰਪ੍ਰੀਤ ਕੌਰ ਮਹਿਰੋਕ ਅਤੇ ਡਾ. ਨਵਪ੍ਰੀਤ ਕੁਲਾਰ ਨੇ ਸਮਾਗਮ ਦੀ ਸਫ਼ਲਤਾ ਲਈ ਅਹਿਮ ਯੋਗਦਾਨ ਪਾਇਆ।
