ਮਸਕਟ – ਓਮਾਨ ਦੇ ਮਸਕਟ ਵਿੱਚ ਹੋਈ ਐੱਫ.ਆਈ.ਐੱਚ. ਯੂਥ ਹਾਕੀ-5 ਏਸ਼ੀਆਈ ਚੈਂਪੀਅਨਸਿ਼ਪ ਵਿੱਚ ਭਾਰਤ ਦੀ ਮਹਿਲਾ ਟੀਮ ਉਪ ਜੇਤੂ ਰਹੀ ਹੈ। ਸ਼ਨੀਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਚੀਨ ਨੇ ਭਾਰਤ ਨੂੰ 4-2 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਸੈਮੀਫਾਈਨਲ ਵਿੱਚ ਕਜ਼ਾਖਸਤਾਨ ਨੂੰ 8-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ।
ਫਾਈਨਲ ਵਿੱਚ ਚੀਨ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਰੱਖਿਆ। ਟੋਂਗਟੋਂਗ ਲੂ ਨੇ ਪਹਿਲੇ ਹੀ ਮਿੰਟ ਵਿੱਚ ਗੋਲ ਕਰਕੇ ਚੀਨ ਨੂੰ ਬੜ੍ਹਤ ਦਿਵਾਈ। ਪੰਜਵੇਂ ਮਿੰਟ ਵਿੱਚ ਕੇਸ਼ਿਨ ਤਾਂਗ ਨੇ ਦੂਜਾ ਗੋਲ ਕੀਤਾ, ਜਦਕਿ ਛੇਵੇਂ ਮਿੰਟ ਵਿੱਚ ਜਿਆਸ਼ਿਨ ਗੁਓ ਨੇ ਸਕੋਰ 3-0 ਕਰ ਦਿੱਤਾ। ਅੰਤਰਾਲ ਤੋਂ ਬਾਅਦ ਭਾਰਤ ਨੇ ਵਾਪਸੀ ਦੀ ਕੋਸ਼ਿਸ਼ ਕੀਤੀ। 13ਵੇਂ ਮਿੰਟ ਵਿੱਚ ਨੌਸ਼ੀਨ ਨਾਜ਼ ਨੇ ਗੋਲ ਕਰਕੇ ਫਰਕ ਘਟਾਇਆ। ਪਰ 19ਵੇਂ ਮਿੰਟ ਵਿੱਚ ਚੇਨ ਗੇ ਨੇ ਚੀਨ ਲਈ ਚੌਥਾ ਗੋਲ ਕਰਕੇ ਟੀਮ ਦੀ ਬੜ੍ਹਤ ਮੁੜ ਤਿੰਨ ਗੋਲਾਂ ਦੀ ਕਰ ਦਿੱਤੀ। 20ਵੇਂ ਮਿੰਟ ਵਿੱਚ ਪੁਸ਼ਪਾ ਮਾਂਝੀ ਨੇ ਭਾਰਤ ਲਈ ਦੂਜਾ ਗੋਲ ਕੀਤਾ, ਪਰ ਇਸ ਤੋਂ ਅੱਗੇ ਭਾਰਤੀ ਟੀਮ ਕੋਈ ਹੋਰ ਗੋਲ ਨਾ ਕਰ ਸਕੀ ਅਤੇ ਚੀਨ ਨੇ 4-2 ਨਾਲ ਜਿੱਤ ਦਰਜ ਕਰਦਿਆਂ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ।
ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਭਾਰਤ ਨੇ ਕਜ਼ਾਖਸਤਾਨ ਨੂੰ ਇਕਤਰਫ਼ਾ ਮੁਕਾਬਲੇ ਵਿੱਚ 8-1 ਨਾਲ ਹਰਾਇਆ। ਸੰਦੀਪਾ ਕੁਮਾਰੀ ਨੇ ਪੰਜਵੇਂ ਮਿੰਟ ਵਿੱਚ ਖਾਤਾ ਖੋਲ੍ਹਿਆ, ਜਦਕਿ ਪੁਸ਼ਪਾ ਮਾਂਝੀ ਨੇ ਹੈਟ੍ਰਿਕ ਲਗਾਈ। ਕਪਤਾਨ ਦੀਆ ਨੇ ਦੋ ਗੋਲ ਕੀਤੇ, ਜਦਕਿ ਸ਼ਰੁਤੀ ਕੁਮਾਰੀ ਅਤੇ ਨੌਸ਼ੀਨ ਨਾਜ਼ ਨੇ ਵੀ ਇੱਕ-ਇੱਕ ਗੋਲ ਕੀਤਾ। ਇਸ ਚੈਂਪੀਅਨਸਿ਼ਪ ਵਿੱਚ ਉਪ ਜੇਤੂ ਰਹਿਣ ਦੇ ਨਾਲ ਹੀ ਭਾਰਤੀ ਮਹਿਲਾ ਟੀਮ ਨੇ ਐੱਫ.ਆਈ.ਐੱਚ. ਯੂਥ ਹਾਕੀ-5 ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ, ਜੋ ਟੀਮ ਲਈ ਇੱਕ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ।
ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਹਾਕੀ ਇੰਡੀਆ ਨੇ ਹਰ ਖਿਡਾਰਨ ਨੂੰ 1 ਲੱਖ ਅਤੇ ਸਹਾਇਕ ਸਟਾਫ਼ ਦੇ ਹਰ ਮੈਂਬਰ ਨੂੰ 50 ਹਜ਼ਾਰ ਦੀ ਨਕਦ ਇਨਾਮੀ ਦੇਣ ਦਾ ਐਲਾਨ ਕੀਤਾ ਹੈ।
