ਕੈਨਬਰਾ – ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਕਾਰਣ 38 ਆਸਟ੍ਰੇਲੀਅਨ ਨਾਗਰਿਕ ਅਜੇ ਵੀ ਲਾਪਤਾ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਆਸਟ੍ਰੇਲੀਆ ਇਨ੍ਹਾਂ ਲੋਕਾਂ ਦੀ ਸੁਰੱਖਿਆ ਵਾਰੇ ਪਤਾ ਲਗਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਐਲਬਨੀਜ਼ ਨੇ ਕਿਹਾ ਹੈ ਕਿ ਆਸਟ੍ਰੇਲੀਆ ਹੁਣ ਨੇਪਾਲ ਦੇ ਖੋਜ ਅਤੇ ਬਚਾਅ ਕਾਰਜਾਂ ਵਿੱਚ ਮਦਦ ਲਈ ਡਰੋਨ ਮਾਹਿਰਾਂ ਦੀ ਇੱਕ ਵਿਸ਼ੇਸ਼ ਟੀਮ ਭੇਜੇਗਾ। ਇਸ ਟੀਮ ਵਿੱਚ ਫਾਇਰ ਐਂਡ ਰੈਸਕਿਊ NSW ਅਤੇ ਕੁਈਨਜ਼ਲੈਂਡ ਫਾਇਰ ਡਿਪਾਰਟਮੈਂਟ ਦੇ ਮੈਂਬਰ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨੇ ਇਸ ਸਹਾਇਤਾ ਲਈ NSW ਅਤੇ ਕੁਈਨਜ਼ਲੈਂਡ ਦੀਆਂ ਸੂਬਾਈ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਇਹ ਟੀਮ ਆਉਣ ਵਾਲੇ ਦਿਨਾਂ ਵਿੱਚ ਨੇਪਾਲ ਲਈ ਰਵਾਨਾ ਹੋਵੇਗੀ। ਇਹ 15 ਮੈਂਬਰੀ ਡਿਜ਼ਾਸਟਰ ਅਸਿਸਟੈਂਸ ਰਿਸਪਾਂਸ ਟੀਮ ਦਾ ਹਿੱਸਾ ਹੋਵੇਗੀ। ਇਸ ਤੋਂ ਪਹਿਲਾਂ ਹੀ 19 ਆਸਟ੍ਰੇਲੀਅਨ ਕਰਮਚਾਰੀ ਨੇਪਾਲ ਭੇਜੇ ਜਾ ਚੁੱਕੇ ਹਨ। ਆਸਟ੍ਰੇਲੀਆ ਸਰਕਾਰ ਨੇ ਨੇਪਾਲ ਲਈ ਹੋਰ 3 ਮਿਲੀਅਨ ਡਾਲਰ ਦੀ ਮਨੁੱਖੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਇਹ ਰਕਮ ਆਸਟ੍ਰੇਲੀਅਨ ਲੋਕਾਂ ਵੱਲੋਂ ਕੀਤੇ ਗਏ ਦਾਨ ਦੇ ਬਰਾਬਰ ਹੈ।
ਪ੍ਰਧਾਨ ਮੰਤਰੀ ਐਲਬਨੀਜ਼ ਨੇ ਆਸਟ੍ਰੇਲੀਅਨ ਲੋਕਾਂ ਦੀ ਖੁੱਲ੍ਹਦਿਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਵਾਰ ਫਿਰ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਨਵੀਂ ਸਹਾਇਤਾ ਨਾਲ ਨੇਪਾਲ ਲਈ ਆਸਟ੍ਰੇਲੀਆ ਦਾ ਕੁੱਲ ਮਨੁੱਖੀ ਸਹਾਇਤਾ ਪੈਕੇਜ ਲਗਭਗ 11 ਮਿਲੀਅਨ ਡਾਲਰ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਉਨ੍ਹਾਂ ਸਾਰੇ ਪਰਿਵਾਰਾਂ ਨਾਲ ਖੜ੍ਹਾ ਹੈ ਜੋ ਆਪਣੇ ਪਿਆਰਿਆਂ ਦੀ ਖ਼ਬਰ ਦੀ ਉਡੀਕ ਕਰ ਰਹੇ ਹਨ ਅਤੇ ਨੇਪਾਲ ਵਿੱਚ ਰਾਹਤ ਤੇ ਬਚਾਅ ਕਾਰਜਾਂ ਲਈ ਹਰ ਸੰਭਵ ਮਦਦ ਜਾਰੀ ਰੱਖੇਗਾ।
ਨੇਪਾਲ ਵਿੱਚ ਰਾਹਤ ਕਾਰਜਾਂ ਲਈ ਦਾਨ ਦੇਣਾ ਚਾਹੁੰਦੇ ਆਸਟ੍ਰੇਲੀਅਨ ਲੋਕ emergencyaction.org.au ’ਤੇ ਜਾ ਸਕਦੇ ਹਨ।
ਆਸਟ੍ਰੇਲੀਆ ਦਾ Department of Foreign Affairs and Trade (DFAT) ਪ੍ਰਭਾਵਿਤ ਇਲਾਕੇ ਵਿੱਚ ਮੌਜੂਦ ਆਸਟ੍ਰੇਲੀਅਨ ਨਾਗਰਿਕਾਂ ਦੀ ਸੁਰੱਖਿਆ ਅਤੇ ਹਾਲਤ ਬਾਰੇ ਤੁਰੰਤ ਜਾਣਕਾਰੀ ਇਕੱਠੀ ਕਰ ਰਿਹਾ ਹੈ। ਵਿਦੇਸ਼ ਵਿੱਚ ਮੌਜੂਦ ਜਿਹੜੇ ਆਸਟ੍ਰੇਲੀਅਨ ਨਾਗਰਿਕਾਂ ਨੂੰ ਐਮਰਜੈਂਸੀ ਕੌਂਸੁਲਰ ਮਦਦ ਦੀ ਲੋੜ ਹੈ, ਉਹ ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ Consular Emergency Centre ਨਾਲ ਸੰਪਰਕ ਕਰ ਸਕਦੇ ਹਨ।
ਆਸਟ੍ਰੇਲੀਆ ਤੋਂ ਕਾਲ ਕਰਨ ਲਈ ਨੰਬਰ 1300 555 135 ਹੈ। ਵਿਦੇਸ਼ ਤੋਂ ਕਾਲ ਕਰਨ ਲਈ +61 2 6261 3305 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
