ਪੱਛਮੀ ਸਿਡਨੀ ਦੇ ਲੋਕਾਂ ਲਈ ਮਸ਼ਹੂਰ ਰੌਸ਼ਨੀ ਅਤੇ ਸਾਊਂਡ ਸ਼ੋਅ ‘ਈਕੋਜ਼ – ਮੂਨ ਗਾਰਡਨ’ ਦੀਆਂ ਟਿਕਟਾਂ ਹੁਣ ਵਿਕਰੀ ਲਈ ਉਪਲਬਧ ਹਨ। ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੁਰੂਆਤੀ ਕੀਮਤ ਵਾਲੀਆਂ (Early Bird) ਟਿਕਟਾਂ ਜਲਦੀ ਖਰੀਦ ਲੈਣ।
ਇਹ ਸ਼ਾਨਦਾਰ ਰੌਸ਼ਨੀ ਅਤੇ ਸਾਊਂਡ ਸ਼ੋਅ 18 ਸਤੰਬਰ ਤੋਂ 11 ਅਕਤੂਬਰ ਤੱਕ ਬੈਲਾ ਵਿਸਟਾ ਫਾਰਮ ਵਿਖੇ ਕਰਵਾਇਆ ਜਾਵੇਗਾ। ਸੂਰਜ ਡੁੱਬਣ ਤੋਂ ਬਾਅਦ ਦਰਸ਼ਕ ਇਤਿਹਾਸਕ ਫਾਰਮ ਦੇ ਅੰਦਰ ਇੱਕ ਰਹੱਸਮਈ ਬਾਗ ਦਾ ਅਨੁਭਵ ਕਰ ਸਕਣਗੇ। ਰੌਸ਼ਨੀ ਨਾਲ ਸਜੇ ਰਸਤੇ, ਖਿੜਦੇ ਹੋਏ ਲਾਈਟ ਡਿਸਪਲੇਅ ਅਤੇ ਤਸਵੀਰਾਂ ਖਿੱਚਣ ਲਈ ਖੂਬਸੂਰਤ ਥਾਵਾਂ ਇਸ ਪ੍ਰੋਗਰਾਮ ਦਾ ਖਾਸ ਹਿੱਸਾ ਹੋਣਗੀਆਂ।
ਦ ਹਿਲਜ਼ ਸ਼ਾਇਰ ਦੀ ਮੇਅਰ ਡਾ. ਮਿਸ਼ੇਲ ਬਾਇਰਨ ਨੇ ਕਿਹਾ ਕਿ ‘ਈਕੋਜ਼’ ਪਰਿਵਾਰ ਅਤੇ ਦੋਸਤਾਂ ਨਾਲ ਰਾਤ ਬਿਤਾਉਣ ਲਈ ਇੱਕ ਸ਼ਾਨਦਾਰ ਪ੍ਰੋਗਰਾਮ ਹੈ। ਉਨ੍ਹਾਂ ਦੱਸਿਆ ਕਿ ਇਹ ‘ਈਕੋਜ਼’ ਦਾ ਦੂਜਾ ਸਾਲ ਹੈ ਅਤੇ ਇਹ ਥੋੜ੍ਹੇ ਸਮੇਂ ਵਿੱਚ ਹੀ ਆਰੇਂਜ ਬਲੌਸਮ ਫੈਸਟੀਵਲ ਦਾ ਇੱਕ ਖਾਸ ਆਕਰਸ਼ਣ ਬਣ ਗਿਆ ਹੈ। ‘ਮੂਨ ਗਾਰਡਨ’ ਰਾਹੀਂ ਬੈਲਾ ਵਿਸਟਾ ਫਾਰਮ ਨੂੰ ਰਾਤ ਦੇ ਸਮੇਂ ਬਿਲਕੁਲ ਵੱਖਰੇ ਅੰਦਾਜ਼ ਵਿੱਚ ਦੇਖਣ ਦਾ ਮੌਕਾ ਮਿਲੇਗਾ।
ਇਸ ਸਾਲ ਦੇ ਪ੍ਰੋਗਰਾਮ ਵਿੱਚ ਰੌਸ਼ਨੀ ਅਤੇ ਸਾਊਂਡ ਦੇ ਨਾਲ ਕਈ ਸ਼ਾਨਦਾਰ ਇੰਸਟਾਲੇਸ਼ਨ ਵੀ ਹੋਣਗੀਆਂ। ਦਰਸ਼ਕਾਂ ਲਈ ਖਾਣ-ਪੀਣ ਦਾ ਵੀ ਖਾਸ ਇੰਤਜ਼ਾਮ ਕੀਤਾ ਗਿਆ ਹੈ। ਟੋਬੀਜ਼ ਮਿਲਕਬਾਰ ਵੱਲੋਂ ਬਰਗਰ ਅਤੇ ਲੋਡਡ ਫ੍ਰਾਈਜ਼ ਪਰੋਸੇ ਜਾਣਗੇ, ਜਦਕਿ ਜੈਲਾਟੋ ਮੈਸੀਨਾ ਆਰੇਂਜ ਬਲੌਸਮ ਫੈਸਟੀਵਲ ਦੀ ਥੀਮ ’ਤੇ ਇੱਕ ਖਾਸ ਸੀਮਤ ਸਮੇਂ ਲਈ ਮਿਸਟਰੀ ਫਲੇਵਰ ਵੀ ਲੈ ਕੇ ਆਵੇਗਾ। ਇਹ ਪ੍ਰੋਗਰਾਮ ਡਿਊਰਲ ਸਥਿਤ ਕਾਰੋਬਾਰ Laservision ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮੇਅਰ ਬਾਇਰਨ ਨੇ ਕਿਹਾ ਕਿ ਹਿਲਜ਼ ਖੇਤਰ ਵਿੱਚ ਐਵਾਰਡ ਜੇਤੂ ਰੌਸ਼ਨੀ ਅਤੇ ਸਾਊਂਡ ਸ਼ੋਅ ਲਿਆਉਣਾ ਮਾਣ ਵਾਲੀ ਗੱਲ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਮੌਕੇ ਦਾ ਲਾਭ ਲੈਣ ਦੀ ਅਪੀਲ ਕੀਤੀ।
‘ਈਕੋਜ਼ – ਮੂਨ ਗਾਰਡਨ’ ਦੇ ਸੈਸ਼ਨ ਬੁੱਧਵਾਰ ਤੋਂ ਐਤਵਾਰ ਤੱਕ ਚੱਲਣਗੇ। NSW ਸਕੂਲਾਂ ਦੀਆਂ ਛੁੱਟੀਆਂ ਦੌਰਾਨ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਵਾਧੂ ਸੈਸ਼ਨ ਕਰਵਾਏ ਜਾਣਗੇ। ਜਿਨ੍ਹਾਂ ਦਰਸ਼ਕਾਂ ਨੂੰ ਵੱਡੀ ਭੀੜ ਜਾਂ ਤੇਜ਼ ਰੌਸ਼ਨੀ ਤੋਂ ਪਰੇਸ਼ਾਨੀ ਹੋ ਸਕਦੀ ਹੈ, ਉਨ੍ਹਾਂ ਲਈ Low-Sensory Sessions ਵੀ ਰੱਖੇ ਗਏ ਹਨ। ਇਨ੍ਹਾਂ ਸੈਸ਼ਨਾਂ ਵਿੱਚ ਘੱਟ ਭੀੜ ਅਤੇ ਹਲਕੀ ਰੌਸ਼ਨੀ ਦੀ ਵਰਤੋਂ ਕੀਤੀ ਜਾਵੇਗੀ।
‘ਐਕੋਜ਼ – ਮੂਨ ਗਾਰਡਨ’ ਦ ਹਿਲਜ਼ ਸ਼ਾਇਰ ਕੌਂਸਲ ਵੱਲੋਂ ਕਰਵਾਏ ਜਾਣ ਵਾਲੇ ਆਰੇਂਜ ਬਲੌਸਮ ਫੈਸਟੀਵਲ ਦਾ ਹਿੱਸਾ ਹੈ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਸ ਸਾਲ ਵੀ ਵੱਡੀ ਗਿਣਤੀ ਵਿੱਚ ਲੋਕ ਇਸ ਰੌਸ਼ਨੀ ਅਤੇ ਸਾਊਂਡ ਦੇ ਵਿਲੱਖਣ ਅਨੁਭਵ ਦਾ ਆਨੰਦ ਲੈਣ ਲਈ ਪਹੁੰਚਣਗੇ।
