ਆਸਟ੍ਰੇਲੀਆ ਦੇ ਸਿਹਤ ਅਤੇ ਬੁਜ਼ੁਰਗ ਸੰਭਾਲ ਮੰਤਰੀ ਮਾਰਕ ਬਟਲਰ 31 ਮਾਰਚ ਨੂੰ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਸਥਿਤ ਪਾਰਲੀਮੈਂਟ ਹਾਊਸ ਵਿਖੇ ਹੋਣ ਵਾਲੀ ‘ਦਾ ਨੈਸ਼ਨਲ ਡਾਇਬੀਟੀਜ਼ ਸਮਿੱਟ’ ਦੇ ਵਿੱਚ ਮੁੱਖ-ਮਹਿਮਾਨ ਹੋਣਗੇ ਅਤੇ ਇਸ ਸਮਿੱਟ ਦੇ ਵਿੱਚ ਮੁੱਖ-ਭਾਸ਼ਣ ਦੇਣਗੇ।
ਇਸ ਸਮਿੱਟ ਵਿੱਚ ਸਿਹਤ ਮੰਤਰੀ ਬਟਲਰ ਦੇ ਨਾਲ ਸਿਹਤ ਖੇਤਰ ਦੇ ਮਾਹਿਰ ਅਤੇ ਹੋਰ ਲੀਡਰ ਵੀ ਸ਼ਾਮਲ ਹੋਣਗੇ ਜਿਸ ਵਿੱਚ ਸਿਹਤ, ਅਪਾਹਜਤਾ ਅਤੇ ਬੁਜ਼ੁਰਗ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਹੋਣਗੇ।
‘ਦਾ ਨੈਸ਼ਨਲ ਡਾਇਬੀਟੀਜ਼ ਸਮਿੱਟ’ ਇੱਕ ਵੱਡਾ ਮੰਚ ਹੈ ਜਿੱਥੇ ਲੋਕ ਮਿਲ ਕੇ ਨਵੀਆਂ ਸੋਚਾਂ ਅਤੇ ਯੋਜਨਾਵਾਂ ‘ਤੇ ਗੱਲ ਕਰਨਗੇ। ਇਸਦਾ ਮਕਸਦ ਡਾਇਬੀਟੀਜ਼ ਨਾਲ ਜੀਅ ਰਹੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣਾ ਅਤੇ ਆਸਟ੍ਰੇਲੀਆ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ। ਇਸ ਸਮਿੱਟ ਵਿੱਚ ਸਿਹਤ, ਰਿਸਰਚ, ਨੀਤੀ ਅਤੇ ਜਾਗਰੂਕਤਾ ਨਾਲ ਜੁੜੇ ਲੀਡਰ ਇਕੱਠੇ ਹੋਣਗੇ ਤਾਂ ਜੋ ਆਸਟ੍ਰੇਲੀਆ ਵਿੱਚ ਡਾਇਬੀਟੀਜ਼ ਦੇ ਵੱਧਦੇ ਪ੍ਰਭਾਵ ਨੂੰ ਸਮਝਿਆ ਜਾ ਸਕੇ ਅਤੇ ਇਸਦਾ ਹੱਲ ਲੱਭਿਆ ਜਾ ਸਕੇ। ਇਸ ਸਮਿੱਟ ਵਿੱਚ ਡਾਇਬੀਟੀਜ਼ ਨਾਲ ਜੀਅ ਰਹੇ ਲੋਕ, ਡਾਕਟਰ, ਨੀਤੀ ਬਣਾਉਣ ਵਾਲੇ, ਰਿਸਰਚਰ ਅਤੇ ਸਮਾਜਿਕ ਕਾਰਕੁੰਨ ਹਿੱਸਾ ਲੈਣਗੇ। ਇਸ ਵਿੱਚ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਇਕੱਠੇ ਬੈਠ ਕੇ ਗੱਲ ਕਰਨ ਦਾ ਵੱਡਾ ਮੌਕਾ ਮਿਲੇਗਾ। ਸਮਿੱਟ ਤੋਂ ਬਾਅਦ ਇੱਕ ਪ੍ਰਦਰਸ਼ਨੀ ਅਤੇ ਮਿਲਣ-ਜੁਲਣ ਦਾ ਪ੍ਰੋਗਰਾਮ ਵੀ ਹੋਵੇਗਾ, ਜਿਸ ਵਿੱਚ ਨਵੀਂ ਟੈਕਨਾਲੋਜੀ, ਇਲਾਜ ਅਤੇ ਰਿਸਰਚ ਵੀ ਦਿਖਾਈ ਜਾਵੇਗੀ।
ਇਸ ਸਮਿੱਟ ਦਾ ਸ਼ੁਰੂਆਤੀ ਭਾਸ਼ਣ ਹੈਲਥ ਰਿਸੋਰਸਿੰਗ ਦੇ ਡਿਪਟੀ ਸਕੱਤਰ ਪੈਨੀ ਸ਼ੇਕਸਪੀਅਰ ਦੇਣਗੇ। ਇਸ ਤੋਂ ਇਲਾਵਾ ਟੈਕਨੋਲੋਜੀ ਅਸਿਸਮੈਂਟ ਐਂਡ ਐਕਸੈਸ ਦੇ ਫਸਟ ਅਸਿਸਟੈਂਟ ਸਕੱਤਰ, ਆਸਟ੍ਰੇਲੀਆ ਵਿੱਚ ਡਾਇਬੀਟੀਜ਼ ਦੀ ਸਥਿਤੀ ਬਾਰੇ ਇੱਕ ਮਹੱਤਵਪੂਰਨ ਚਰਚਾ ਵਿੱਚ ਹਿੱਸਾ ਲੈਣਗੇ।
ਡਾਇਬੀਟੀਜ਼ ਆਸਟ੍ਰੇਲੀਆ ਗਰੁੱਪ ਦੇ ਸੀਈਓ ਜਸਟੀਨ ਕੇਨ ਨੇ ‘ਦਾ ਨੈਸ਼ਨਲ ਡਾਇਬੀਟੀਜ਼ ਸਮਿੱਟ’ ਦੇ ਵਿੱਚ ਆਸਟ੍ਰੇਲੀਆ ਦੇ ਸਿਹਤ ਮੰਤਰੀ ਮਾਰਕ ਬਟਲਰ ਦੇ ਸ਼ਾਮਲ ਹੋਣ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਹੈ ਕਿ, “ਸਰਕਾਰ ਡਾਇਬੀਟੀਜ਼ ਵਾਲੇ ਲੋਕਾਂ ਦੀ ਮਦਦ ਲਈ ਵਚਨਬੱਧ ਹੈ। ਸਾਨੂੰ ਖੁਸ਼ੀ ਹੈ ਕਿ ਸਿਹਤ ਮੰਤਰੀ ਮੁੱਖ-ਭਾਸ਼ਣ ਦੇਣਗੇ ਅਤੇ ਸਿਹਤ ਵਿਭਾਗ ਦੇ ਵੱਡੇ ਅਧਿਕਾਰੀ ਵੀ ਇਸ ਮਹੱਤਵਪੂਰਨ ਗੱਲਬਾਤ ਵਿੱਚ ਸ਼ਾਮਲ ਹੋਣਗੇ। ਇਹ ਸਮਿੱਟ ਸਰਕਾਰ ਦੇ ਕੇਂਦਰ ਵਿੱਚ ਬੈਠ ਕੇ ਆਸਟ੍ਰੇਲੀਆ ਦੀਆਂ ਸਭ ਤੋਂ ਵੱਡੀਆਂ ਸਿਹਤ ਸਮੱਸਿਆਵਾਂ ‘ਤੇ ਸਿੱਧੀ ਗੱਲਬਾਤ ਕਰਨ ਦਾ ਮੌਕਾ ਹੈ।”
ਇਹ ਸਮਾਗਮ ਡਾਇਬੀਟੀਜ਼ ਆਸਟ੍ਰੇਲੀਆ ਦੁਆਰਾ ਲੰਿਗਿਆਰੀ ਤੋਂ ਮੈਂਬਰ ਪਾਰਲੀਮੈਂਟ ਮੈਰੀਅਨ ਸਕ੍ਰੀਮਗੌਰ ਅਤੇ ਲੰਿਡਸੇ ਤੋਂ ਮੈਂਬਰ ਪਾਰਲੀਮੈਂਟ ਮੇਲਿਸਾ ਮੈਕਿੰਟੋਸ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜੋ ਕਿ ਪਾਰਲੀਮੈਂਟਰੀ ਫਰੈਂਡਸ ਫਾਰ ਦਾ ਪ੍ਰੀਵੈਂਸ਼ਨ ਆਫ਼ ਡਾਇਬੀਟੀਜ਼ ਗਰੁੱਪ ਦੇ ਸਹਿ-ਚੇਅਰਪਰਸਨ ਹਨ।
ਵਰਨਣਯੋਗ ਹੈ ਕਿ ਡਾਇਬੀਟੀਜ਼ ਆਸਟ੍ਰੇਲੀਆ ਦੇਸ਼ ਦੀ ਮੁੱਖ ਰਾਸ਼ਟਰੀ ਸੰਸਥਾ ਹੈ ਜੋ ਡਾਇਬੀਟੀਜ਼ ਨਾਲ ਜੀਅ ਰਹੇ ਲੋਕਾਂ ਅਤੇ ਇਸ ਦੇ ਖਤਰੇ ਵਿੱਚ ਰਹਿੰਦੇ ਲੋਕਾਂ ਦੀ ਮੱਦਦ ਕਰਦੀ ਹੈ। ਇਹ ਸੰਸਥਾ ਆਸਟ੍ਰੇਲੀਆ ਵਿੱਚ ਡਾਇਬੀਟੀਜ਼ ਵਰਗੀ ਵੱਡੀ ਸਿਹਤ ਸਮੱਸਿਆ ਨਾਲ ਲੜਨ ਲਈ ਕੰਮ ਕਰ ਰਹੀ ਹੈ। ਇਹ ਲੋਕਾਂ ਨੂੰ ਜਾਣਕਾਰੀ, ਸਹਾਇਤਾ ਅਤੇ ਸੇਵਾਵਾਂ ਦਿੰਦੀ ਹੈ, ਰੋਕਥਾਮ ਵਿੱਚ ਨਿਵੇਸ਼ ਕਰਦੀ ਹੈ ਅਤੇ ਸਮਾਜ ‘ਤੇ ਇਸ ਬਿਮਾਰੀ ਦੇ ਪ੍ਰਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀ ਹੈ। ਇਸਦਾ ਮਕਸਦ ਹੈ ਕਿ ਆਸਟ੍ਰੇਲੀਆ ਦਾ ਹਰ ਵਿਅਕਤੀ ਸਿਹਤਮੰਦ ਅਤੇ ਵਧੀਆ ਜੀਵਨ ਜੀਅ ਸਕੇ।
