Punjab

ਅੰਮ੍ਰਿਤਸਰ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਸ਼ਹਿਰ ਬਣਾਉਣ ਲਈ ਸੰਧੂ ਸਮੁੰਦਰੀ ਨੂੰ ਚੁਣ ਕੇ ਸੰਸਦ ’ਚ ਭੇਜੋ: ਜੇ.ਪੀ. ਨੱਢਾ

ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵਿਨਿਊ ਵਿਖੇ ਕੀਤੀ ਗਈ ਵਿਸ਼ਾਲ ਜਨ ਸਭਾ ਰੈਲੀ ਦੌਰਾਨ ਗਰਮੀ ਦੇ ਬਾਵਜੂਦ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਜਿੱਤ ਹੋ ਚੁੱਕੀ ਹੈ, ਕੇਵਲ ਐਲਾਨ ਹੋਣਾ ਬਾਕੀ ਹੈ । ਲੋਕਾਂ ਦੇ ਇਕੱਠ ਅਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਸਿਆਸੀ ਵਿਰੋਧੀ ਧਿਰ ਇੰਡੀ ਗੱਠਜੋੜ ’ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਇੰਡੀ ਗੱਠਜੋੜ ਪਰਿਵਾਰਵਾਦ ਅਤੇ ਭਿ੍ਰਸ਼ਟਾਚਾਰ ਨੂੰ ਬਚਾਉਣ ਦਾ ਗੱਠਜੋੜ ਹੈ, ਜਿਸ ਦੇ ਨੇਤਾ ਜਾਂ ਤਾਂ ਬੇਲ ’ਤੇ ਹਨ ਜਾਂ ਜੇਲ੍ਹ ’ਚ ਹਨ । ਅੰਮ੍ਰਿਤਸਰ ਲੋਕ ਸਭਾ ਲਈ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਅਤੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਹੱਕ ਵਿਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਜੇ ਪੀ ਨੱਢਾ ਨੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਰੱਜ ਕੇ ਤਾਰੀਫ਼ ਕੀਤੀ । ਉਨ੍ਹਾਂ ਕਿਹਾ ਤੁਸੀਂ ਸੰਧੂ ਬਾਰੇ ਸੁਣਨ ਲਈ ਉਤਸੁਕ ਹੋ, ਸੰਧੂ ਸਾਡਾ ਪਿਆਰਾ ਸਾਥੀ ਹੈ । ਸੰਧੂ ਸਮੁੰਦਰੀ ਨੇ 36 ਸਾਲ ਭਾਰਤੀ ਵਿਦੇਸ਼ ਅਧਿਕਾਰੀ ਦੇ ਤੌਰ ’ਤੇ ਭਾਰਤ ਦਾ ਮਾਣ ਵਧਾਇਆ ਹੈ। ਇਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਹਾਡੇ ਕੋਲ ਭੇਜਿਆ । ਸੰਧੂ ਦਾ ਗਿਆਨ ਅਤੇ ਰਸੂਖ਼ ਕਮਾਲ ਦਾ ਹੈ ਅਤੇ ਮੋਦੀ ਦਾ ਆਸ਼ੀਰਵਾਦ ਵੀ ਉਨ੍ਹਾਂ ਨੂੰ ਪ੍ਰਾਪਤ ਹੈ। ਤੁਸੀਂ ਇਨ੍ਹਾਂ ਨੂੰ ਇੱਥੋਂ ਚੁਣ ਕੇ ਭੇਜਦੇ ਹੋ ਤਾਂ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਵਿਕਸਤ ਸ਼ਹਿਰ ਹੋਵੇਗਾ । ਯਕੀਨਨ ਸ਼ਹਿਰ ਦੀ ਤਕਦੀਰ ਬਦਲ ਦਿੱਤੀ ਜਾਵੇਗੀ ਅਤੇ ਅੰਮ੍ਰਿਤਸਰ ਫਿਰ ਤੋਂ ਆਬਾਦ ਹੋਵੇਗਾ । ਉਨ੍ਹਾਂ ਖਡੂਰ ਸਾਹਿਬ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਬਾਰੇ ਕਿਹਾ ਕਿ ਜਦ ਤਕ ਉਹ ਬਾਰਡਰ ’ਤੇ ਹਨ ਦੇਸ਼ ਦੀ ਸੁਰੱਖਿਆ ਨੂੰ ਕੋਈ ਆਂਚ ਨਹੀਂ ਆਉਣ ਦੇਣਗੇ । ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਵੱਡੀ ਗਿਣਤੀ ਵਿਚ ਨੱਢਾ ਨੂੰ ਸੁਣਨ ਲਈ ਬਾਹਰ ਆਈ। ਉਨ੍ਹਾਂ ਵੀ ਵਿਸ਼ਵਾਸ ਦਿੱਤਾ ਹੈ ਕਿ ਅੰਮ੍ਰਿਤਸਰ ਦਾ ਵਿਕਾਸ ਕਰਾਇਆ ਜਾਵੇਗਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਹੁਣ ਇਕ ਮੌਕਾ ਮਿਲਿਆ ਹੈ ਅੰਮ੍ਰਿਤਸਰ ਦੇ ਵਿਕਾਸ ਲਈ ਅਤੇ ਪ੍ਰਗਤੀ ਲਈ ਕੁਝ ਕਰਨ ਦਾ , ਉਹ ਇਕ ਜੂਨ ਨੂੰ ਕਮਲ ਦੇ ਫੁੱਲ ਨੂੰ ਵੋਟ ਕਰਕੇ ਇਸ ਦਾ ਹਿੱਸਾ ਬਣ ਸਕਦੇ ਹੋ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਦੀ ਅਗਵਾਈ ’ਚ ਦੇਸ਼ ਬੁਲੰਦੀਆਂ ਨੂੰ ਛੂ ਰਿਹਾ ਹੈ । ਭਾਰਤ ਅੱਜ ਵਿਸ਼ਵ ਦੀ 5ਵੀ ਵੱਡੀ ਅਰਥ ਵਿਵਸਥਾ ਹੈ । ਰਾਮ ਮੰਦਰ ਦਾ ਵਾਅਦਾ ਹੋਵੇ ਜਾਂ ਧਾਰਾ 370 ਨੂੰ ਖ਼ਤਮ ਕਰਨ ਦਾ ਸਾਰੇ ਵਾਅਦੇ ਮੋਦੀ ਨੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਮੋਦੀ ਅਤੇ ਨੱਢਾ ਦੀ ਪੂਰੀ ਬੁੱਕਤ ਹੈ । ਕਿਸੇ ਵੀ ਦੇਸ਼ ਨੂੰ ਕੋਈ ਪ੍ਰੇਸ਼ਾਨੀ ਹੋਵੇ ਪਹਿਲਾਂ ਉਹ ਮੋਦੀ ਨੂੰ ਫ਼ੋਨ ਕਰਦੇ ਹਨ । ਮੋਦੀ ਦੀ ਲੀਡਰਸ਼ਿਪ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਸਲਾਮ ਕਰਦੇ ਹਨ । ਯੂ ਐਸ ਦੀਆਂ ਕੰਪਨੀਆਂ ਭਾਰਤ ’ਚ ਫ਼ੈਕਟਰੀਆਂ ਲਗਾ ਰਹੀਆਂ । ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਕਰ ਰਿਹਾ ਹੈ ਪਰ ਅੰਮ੍ਰਿਤਸਰ ਨਾ ਕਾਬਲੇ ਲੀਡਰਸ਼ਿਪ ਕਾਰਨ ਪਿਛਲੇ ਕਈ ਸਾਲਾਂ ਤੋਂ ਪਛੜਦਾ ਜਾ ਰਿਹਾ ਹੈ। ਇਥੇ ਦੋ ਟਰਮਾਂ ਤੋਂ ਕਾਂਗਰਸ ਦਾ ਐੱਮ ਪੀ ਰਿਹਾ । ਪਰ ਕਾਨੂੰਨ ਵਿਵਸਥਾ ਦਾ ਹਾਲ ਹੋਵੇ ਜਾਂ ਨਸ਼ਾ, ਇਥੇ ਲੋਕ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਵੀ ਮਜਬੂਰ ਹਨ । ਇਥੇ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਹੈ, ਡਰੇਨ ਦੀ ਸਮੱਸਿਆ ਹੈ। ਐੱਮ ਪੀ ਨੇ ਆਪਣੇ ਘਰ ਦੇ ਬਾਹਰੋਂ ਲੰਘਣ ਡਰੇਨ ਦਾ ਵੀ ਕੋਈ ਹੱਲ ਨਹੀਂ ਕੱਢਿਆ । ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਸੁਧਾਰ ਤਾਂ ਹੀ ਹੋ ਸਕਦਾ ਹੈ ਜੇ ਕੇਂਦਰ ਵਿਚ ਮੋਦੀ ਦੀ ਸਰਕਾਰ ਹੋਵੇ ਅਤੇ ਅੰਮ੍ਰਿਤਸਰ ਤੇ ਖਡੂਰ ਸਾਹਿਬ ਤੋਂ ਐੱਮ ਪੀ ਭਾਜਪਾ ਦਾ ਹੋਵੇ। ਸੰਧੂ ਸਮੁੰਦਰੀ ਨੇ ਕਿਹਾ ਮੈਨੂੰ ਮੋਦੀ ਅਤੇ ਨੱਢਾ ਜੀ ਨੇ ਆਪਣੇ ਘਰ ਭੇਜਿਆ, ਮੈਂ ਇੱਥੋਂ ਕਿਤੇ ਨਹੀਂ ਜਾਣਾ, ਇਥੇ ਰਹਿ ਕੇ ਸ਼ਹਿਰ ਦਾ ਸੁਧਾਰ ਕਰਾਂਗਾ । ਵਿਕਾਸ ਕਰਾਵਾਂਗਾ। ਜਿਹੜੀਆਂ ਕੇਂਦਰੀ ਸਕੀਮਾਂ ਕਿਸੇ ਕਾਰਨ ਲੋਕਾਂ ਤਕ ਨਹੀਂ ਪਹੁੰਚੀਆਂ ਉਨ੍ਹਾਂ ਨੂੰ ਪਹੁੰਚਾਵਾਂਗਾ । ਨੀਲੇ ਕਾਰਡ ਵਾਪਸ ਦਿੱਤੇ ਜਾਣਗੇ । ਹੋਰ ਸਹੂਲਤਾਂ ਤੇ ਨੌਕਰੀਆਂ ਇਹ ਸਭ ਲੈ ਕੇ ਆਵਾਂਗੇ । ਸੰਧੂ ਨੇ ਕਿਹਾ ਅੰਮ੍ਰਿਤਸਰ ਸਿਫ਼ਤੀ ਦਾ ਘਰ ਹੈ, ਇਕ ਵਾਰ ਫਿਰ ਅੰਮ੍ਰਿਤਸਰ ਨੂੰ ਅੱਗੇ ਲੈ ਕੇ ਜਾਵਾਂਗੇ। ਸੰਧੂ ਸਮੁੰਦਰੀ ਨੇ ਕਿਹਾ ਕਿ ਸੌ ਦਿਨ ਦੇ ਅੰਦਰ ਅੰਦਰ ਜੋ ਕੱਚੀਆਂ ਛੱਤਾਂ ਹਨ ਪੱਕੀਆਂ ਕੀਤੀਆਂ ਜਾਣਗੀਆਂ । ਜਿਹੜੇ ਡਿਪੂ ਵਾਲੇ ਸਰਕਾਰ ਨਾਲ ਮਿਲ ਕੇ ਲੁੱਟ ਕਰ ਰਹੇ ਹਨ, ਉਹਨਾਂ ਉੱਤੇ ਕਾਰਵਾਈ ਕਰਾਈ ਜਾਵੇਗੀ । ਉਹਨਾਂ ਕਿਹਾ ਕਿ ਐਸੀ ਭਾਈਚਾਰੇ ਨਾਲ ਐੱਮ ਪੀ ਔਜਲਾ ਨੇ ਜੋ ਗ਼ਲਤ ਵਤੀਰਾ ਅਪਣਾਇਆ ਉਹ ਤੁਸੀਂ ਸਭ ਜਾਣਦੇ ਹੀ ਹੋ । ਬਾਬਾ ਸਾਹਿਬ ਅੰਬੇਡਕਰ ਨੇ 1930 ਵਿੱਚ ਅਮਰੀਕਾ ’ਚ ਜਾ ਕੇ ਅੱਵਲ ਨੰਬਰ ਲਿਆ ਅਤੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਣੇ।

Related posts

ਪੰਜਾਬ ਦੀ ਮੁੜ ਖੁਸ਼ਹਾਲੀ ਲਈ ਭੈੜੀ ਸਿਆਸਤ ਦੀ ਥਾਂ ਸਾਂਝੇ ਯਤਨ ਕਰਨ ਦਾ ਵੇਲਾ !

admin

ਉੱਘੇ ਲਿਖਾਰੀ ਡਾ. ਵਿਜੈ ਗਰਗ ਸਮੇਤ 10 ਪ੍ਰਮੁੱਖ ਸ਼ਖਸੀਅਤਾਂ ਦਾ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨ

admin

ਮਿਡਲ-ਈਸਟ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਾਸਤੇ ਫੌਰੀ ਕਦਮ ਚੁੱਕੇ ਜਾਣ – ਸੁਖਬੀਰ ਸਿੰਘ ਬਾਦਲ

admin