Punjab

ਖਾਲਸਾ ਕਾਲਜ ਵਿਖੇ ‘ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ’ ਵਿਸ਼ੇ ’ਤੇ ਸੈਮੀਨਾਰ ਆਯੋਜਿਤ

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਸੈਮੀਨਾਰ ਦਾ ਦ੍ਰਿਸ਼।

ਅੰਮ੍ਰਿਤਸਰ – ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਆਈ. ਬੀ. ਟੀ. ਇੰਸਟੀਚਿਊਟ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ‘ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ’ (ਏਸ ਯੂਅਰ ਗੌਰਮਿੰਟ ਐਗਜਾਮ: ਐਕਸਪ੍ਰਟ ਗਾਇਡੈਂਸ ਐਂਡ ਸਟਰੈਟਜਿਸ) ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਉਕਤ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਯੋਗਤਾ ਅਤੇ ਸੰਚਾਰ ਦੇ ਖੇਤਰਾਂ ’ਚ ਆਪਣੇ ਹੁਨਰ ਨੂੰ ਨਿਖਾਰ ਕੇ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਕੇ ਬੈਂਕਿੰਗ, ਟੈਕਸੇਸ਼ਨ ਅਤੇ ਬੀਮਾ ਆਦਿ ਸਰਕਾਰੀ ਖੇਤਰਾਂ ’ਚ ਉਪਲਬੱਧ ਨੌਕਰੀਆਂ ਦੇ ਮੌਕਿਆਂ ਨੂੰ ਹਾਸਲ ਕਰਨਾ ਸੀ।

ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਆਈ. ਬੀ. ਟੀ. ਦੇ ਮੁੱਖੀ ਸ੍ਰੀ ਜਤਿੰਦਰ ਕੁਮਾਰ ਅਤੇ ਕੋਆਰਡੀਨੇਟਰ ਸ੍ਰੀ ਜਤਿਨ ਮੋਹਨ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਵੱਖ-ਵੱਖ ਸਰਕਾਰੀ ਖੇਤਰਾਂ ’ਚ ਵਿਦਿਆਰਥੀਆਂ ਲਈ ਉਪਲਬੱਧ ਕਰੀਅਰ ਦੇ ਮੌਕਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ’ਚ ਕਾਮਯਾਬ ਹੋਣ ਦੇ ਰਾਹ ਵਜੋਂ ਕੈਰੀਅਰ ਦੇ ਭਰਪੂਰ ਮੌਕਿਆਂ ਬਾਰੇ ਜਾਣੂ ਕਰਵਾਇਆ।

ਇਹ ਪ੍ਰੋਗਰਾਮ ਪ੍ਰਿੰਸੀਪਲ ਅਤੇ ਸੈਮੀਨਾਰ ਚੇਅਰਮੈਨ ਡਾ. ਮਹਿਲ ਸਿੰਘ,  ਡੀਨ, ਵਿਭਾਗ ਮੁੱਖੀ ਤੇ ਸੈਮੀਨਾਰ ਡਾਇਰੈਕਟਰ ਡਾ. ਏ. ਕੇ. ਕਾਹਲੋਂ ਅਤੇ ਕੋਆਰਡੀਨੇਟਰ ਡਾ. ਪੂਨਮ ਸ਼ਰਮਾ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਪ੍ਰਿੰ: ਡਾ: ਮਹਿਲ ਸਿੰਘ ਨੇ ਸੰਬੋਧਨ ਕਰਦਿਆਂ ਹਰ ਸਾਲ ਵੱਧ ਰਹੀਆਂ ਸਰਕਾਰੀ ਪ੍ਰੀਖਿਆਵਾਂ ਦੇ ਮੁਸ਼ਕਿਲ ਪੱਧਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਰਤੀ ਕਰਨ ਵਾਲੀਆਂ ਸੰਸਥਾਵਾਂ ਉਮੀਦਵਾਰਾਂ ਤੋਂ ਸਿਰਫ਼ ਰੱਟੇ ਸਿੱਖਣ ਤੋਂ ਵੱਧ ਦੀ ਉਮੀਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਕੋਲ ਵਿਚਾਰਧਾਰਕ ਸਪੱਸ਼ਟਤਾ ਅਤੇ ਵਿਸ਼ਲੇਸ਼ਣਾਤਮਕ ਮਾਨਸਿਕਤਾ ਅਤੇ ਸਿੱਖੀ ਗਈ ਜਾਣਕਾਰੀ ਨੂੰ ਸਰਕਾਰੀ ਪ੍ਰੀਖਿਆਵਾਂ ’ਚ ਲਾਗੂ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ।

ਇਸ ਮੌਕੇ ਡਾ. ਕਾਹਲੋਂ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਸਲਾਹਕਾਰਾਂ ਦੀ ਲੋੜ ਹੈ ਜੋ ਉਨ੍ਹਾਂ ਨੂੰ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ ’ਚ ਕਾਮਯਾਬ ਹੋਣ ਲਈ ਮਾਰਗਦਰਸ਼ਨ ਕਰ ਸਕਣ। ਇਸ ਲਈ ਮੌਜੂਦਾ ਸੈਮੀਨਾਰ ਦਾ ਉਦੇਸ਼ ਇਸ ਪਾੜੇ ਨੂੰ ਪੂਰਾ ਕਰਨਾ ਹੈ ਅਤੇ ਇਸ ਨਾਲ ਵਿਦਿਆਰਥੀ ਸਰਕਾਰੀ ਨੌਕਰੀਆਂ ਲਈ ਮੁਕਾਬਲੇ ’ਚ ਕਾਮਯਾਬ ਹੋ ਸਕਣਗੇ। ਇਸ ਮੌਕੇ ਡਾ. ਪੂਨਮ ਸ਼ਰਮਾ ਨੇ ਸੈਮੀਨਾਰ ਦੇ ਵਿਸ਼ੇ ’ਤੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ, ਜਦਕਿ ਡਾ. ਮਨੀਸ਼ਾ ਬਹਿਲ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।

ਇਸ ਮੌਕੇ ਸ੍ਰੀ ਕੁਮਾਰ ਨੇ ਵੱਖ-ਵੱਖ ਨੌਕਰੀਆਂ ਦੇ ਮੌਕਿਆਂ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਸੰਚਾਰ ਅਤੇ ਕਾਰਜ ਸਥਾਨ ਦੇ ਹੁਨਰ ਨੂੰ ਸੁਧਾਰਨ ਦੇ ਤਰੀਕਿਆਂ ’ਤੇ ਵੀ ਚਾਨਣਾ ਪਾਇਆ। ਇਸ ਮੌਕੇ ਸ੍ਰੀ ਸ਼ਰਮਾ ਨੇ ਗਣਿਤ ਦੀਆਂ ਸਮੱਸਿਆਵਾਂ ਨੂੰ ਸਕਿੰਟਾਂ ’ਚ ਹੱਲ ਕਰਨ ਲਈ ਸ਼ਾਰਟ ਕੱਟ ਤਕਨੀਕਾਂ ਪ੍ਰਦਾਨ ਕੀਤੀਆਂ ਅਤੇ ਵਿਦਿਆਰਥੀਆਂ ਨੂੰ ਮੌਜੂਦਾ ਮਾਮਲਿਆਂ ਅਤੇ ਖ਼ਬਰਾਂ ਨਾਲ ਹਮੇਸ਼ਾਂ ਅਪਡੇਟ ਰਹਿਣ ਲਈ ਪ੍ਰੇਰਿਤ ਕੀਤਾ। ਜਦ ਡਾ. ਬਹਿਲ ਨੇ ਸ੍ਰੀ ਕੁਮਾਰ, ਸ੍ਰੀ ਸ਼ਰਮਾ ਦਾ ਧੰਨਵਾਦ ਕੀਤਾ ਅਤੇ ਪ੍ਰੋ. ਮੀਨੂੰ ਚੋਪੜਾ ਨੇ ਸਮਾਗਮ ਦੇ ਪ੍ਰਸਾਰਣ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਅਜੈ ਸਹਿਗਲ ਅਤੇ ਹੋਰ ਫੈਕਲਟੀ ਮੈਂਬਰ ਤੇ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।

Related posts

10 ਲੱਖ ਦਾ ਫਰੀ ਸਿਹਤ ਇਲਾਜ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਡਾ. ਬਲਬੀਰ ਸਿੰਘ

admin

ਹਲਵਾਰਾ ਤੋਂ ਹਵਾਈ ਉਡਾਣਾਂ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਹੋ ਰਹੀ – ਰਵਨੀਤ ਬਿੱਟੂ

admin

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ

admin