StoryPunjab

ਧਰਨਾ – (ਕਹਾਣੀ)

ਕਿਸਾਨ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰਦੇ ਹੋਏ। (ਫੋਟੋ: ਏ ਐਨ ਆਈ)
ਲੇਖਕ: ਪ੍ਰੋ ਗੁਰਬਾਜ ਸਿੰਘ, ਤਰਨਤਾਰਨ।

ਘਰੇ ਈ..ਓ…ਭਾਅ…ਜੀ। ਘਰੇ ਈ.. ਓ..। (ਬਾਹਰੋਂ ਅਵਾਜ ਆਈ।)

…ਪਿੰਡੋਂ ਜਾਗਰ ਸਿੰਘ ਸੀ, ਜਿਸਦੇ ਖੇਤ ਮੇਰੇ ਖੇਤਾਂ ਨਾਲ ਸੀ। ਜਾਗਰ ਦੋ ਕਿਲਿਆਂ ਦਾ ਮਾਲਕ ਸੀ, ਕਹਿ ਲਓ ਕਿ ਮ੍ਹਾਤੜ ਕਿਸਾਨ ਸਾਥੀ ਸੀ।

“ ਹਾਂ, ਬਾਈ ਜਾਗਰ ਸਿਆਂ, ਘਰੇ ਈ ਆਂ ।”

“ ਭਾਜੀ ਥੋਨੂੰ ਨੀ ਪਤਾ, ਆਪਣੇ ਮਿੰਦਰ ਕੀ ਟਰਾਲੀ ਭਰ ਕੇ ਕਿਸਾਨ ਯੂਨੀਅਨ ਵਾਲੋਂ ਡੀ.ਸੀ ਦੇ ਦਫਤਰ ਮੂਹਰੇ ਹੱਕੀ ਮੰਗਾਂ ਲਈ ਲੱਗਣ ਵਾਲੇ ਧਰਨੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਨੇ, ਮੈਂ ਤਾਂ ਖੇਤੋਂ ਵੇਹਲਾ ਹੋ ਗਿਆਂ ਵਾਂ, ਮੈਂ ਜਾ ਰਿਹਾਂ ਵਾਂ, ਤੁਸੀਂ ਵੀ ਚੱਲੋ। ”

“ ਬਾਈ ਜਾਗਰਾ ਮੇਰੇ ਕੋਲੋਂ ਜਾ ਨੀ ਹੋਣਾ, ਅਜੇ ਤਾਂ ਡੰਗਰਾਂ ਨੂੰ ਪੱਠੇ ਵੀ ਪਾਉਣੇ ਨੇ, ਲਾਡੀ ਅਜੇ ਜਾਗਿਆ ਨੀ, ਉਹਦੀ ਮਾਂ ਕੋਲੋ ਪੈਣੇ ਨੀਂ, ਬਾਈ.. ਤੂੰ ਚਲੇ ਜਾ, ਮੈਂ ਕਦੇ ਫੇਰ ਜਾਉਂਗਾ। ”

“ ਨਹੀਂ..ਨਹੀਂ ਬਾਈ, ਮੈਂ ਤਾਂ ਤੈਨੂੰ ਲੈ ਕੇ ਈ ਜਾਣਾ ਵਾਂ, ਨਾਲੇ ਤੂੰ ਵੀ ਕਿਸਾਨ ਦਾ ਪੁੱਤ ਹੈਂ, ਆਪਣੀਆਂ ਮੰਗਾਂ ਵੀ ਸਾਂਝੀਆਂ ਨੇ, ਤੂੰ ਆਪਣੇ ਲਈ ,ਮੇਰੇ ਲਈ ਨਹੀਂ ਤਾਂ ਆਪਣੇ ਪਰਿਵਾਰ, ਕਿਸਾਨੀ ਭਾਈਚਾਰੇ ਦੀਆਂ ਮੰਗਾਂ ਲਈ ਹੀ ਚੱਲ ਪਓ। ”

“ ਨਾਲੇ, ਆ ਵੇਖੀਓ ਤਾਂ ਸਹੀ ਆਪਣੀ ਜਮਾਤ ਕਿਵੇਂ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਮੰਗਾਂ ਲਈ ਝੁਕਾਉਂਦੀ ਆ, ਨਾਲੇ ਦਿੱਲੀ ਦਾ ਸੰਘਰਸ਼ ਤਾਂ ਤੂੰ ਵੇਖਿਆ ਹੀ ਸੀ ਨਾ, ਕਿਵੇਂ ਕੇਂਦਰ ਦੀ ਸਰਕਾਰ ਨੂੰ ਕਿਸਾਨੀ ਸੰਘਰਸ਼ ਦੇ ਮੂਹਰੇ ਝੁਕਣਾ ਪਿਆ ਸੀ ਤੇ ਤਿੰਨੋਂ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀ ਨਾਲੇ ਇਸ ਧਰਨੇ ਵਿੱਚ ਤਾਂ ਪੰਜਾਬ ਪੱਧਰ ਦੇ ਪ੍ਰਧਾਨ ਭਾਗ ਲੈ ਰਹੇ ਨੇ। ”

ਮੈਂ ਵੇਖ ਰਿਹਾ ਸੀ ਕਿ ਜਾਗਰ ਦੀਆਂ ਅੱਖਾਂ ਵਿੱਚ ਜੋਸ਼ ਦੀ ਚਮਕ ਗੂੜੀ ਹੁੰਦੀ ਜਾ ਰਹੀ ਸੀ। ਮੈਂ ਪ੍ਰਾਈਵੇਟ ਨੌਕਰੀ ਕਰਦਾ ਸੀ ਭਾਵੇਂ ਛੋਟੀ ਕਿਸਾਨੀ ਤੇ ਛੋਟੀ ਤਨਖਾਹ ਨਾਲ ਗੁਜਾਰਾ ਚੱਲ ਰਿਹਾ ਸੀ ਪਰ ਗੱਲ ਜਮਾਤ ਤੇ ਭਾਈਚਾਰੇ ਦੀ ਸੀ। ਸੋ ਨਾ ਚਾਹੁੰਦੇ ਹੋਈ ਵੀ ਮੈਂ ਧਰਨੇ ਵਿੱਚ ਸ਼ਾਮਿਲ ਹੋਣ ਲਈ ਨਾਲ ਜਾਣ ਨੂੰ ਤਿਆਰ ਹੋ ਗਿਆ।

ਹੁਣ ਨਾਲ ਹੀ ਪਿੰਡ ਦੇ ਗੁਰਦੁਆਰੇ ਦੇ ਸਪੀਕਰ ਤੋਂ ਵੀ ਕਿਸਾਨੀ ਧਰਨੇ ਵਿੱਚ ਸ਼ਾਮਿਲ ਹੋਣ ਲਈ ਪਿੰਡ ਦੇ ਕਿਸਾਨਾਂ ਨੂੰ ਪ੍ਰੇਰਤ ਕਰਦੀ ਅਨਾਉਂਸਮੈਂਟ ਮੇਰੇ ਕੰਨੀ ਪਈ।

ਧਰਨੇ ਵਿੱਚ ਲਿਜਾਣ ਲਈ ਟਰੈਕਟਰ-ਟਰਾਲੀ ਪਿੰਡ ਤੋਂ ਬਾਹਰ ਫਿਰਨੀ ਤੇ ਖੜੀ ਸੀ। ਕਈ ਉਤਸ਼ਾਹੀ ਬੰਦੇ ਤਾਂ ਪਹਿਲਾਂ ਹੀ ਟਰਾਲੀ ਵਿੱਚ ਆ ਬੈਠੇ ਸਨ।

ਮੈਂ ਅੱਜ ਦੂਜੀ ਵਾਰ ਕਿਸਾਨੀ ਧਰਨੇ ਵਿੱਚ ਜਾ ਰਿਹਾ ਸੀ। ਇਸ ਤੋਂ ਪਹਿਲਾਂ ਮੈਂ ਇੱਕ ਵਾਰ ਦਿੱਲ਼ੀ ਦੇ ਧਰਨੇ ਵਿੱਚ ਗਿਆ ਸੀ।

ਮੈਂ ਵੇਖਿਆ, ਟਰਾਲੀ ਵਿੱਚ ਮੇਰੇ, ਭਿੰਦਰ, ਜੋਗੇ, ਮੇਜਰ ਤੇ ਕਾਬਲ ਤੋਂ ਇਲਾਵਾ ਚਾਰ-ਪੰਜ ਹੀ ਨੌਜੁਆਨ ਕਿਸਾਨ ਸਾਥੀ ਸ਼ਾਮਿਲ ਸਨ ਬਾਕੀ ਸਾਰੇ ਹੀ ਚਿੱਟੀ ਦਾੜੀਏ ਸਨ ਜੋ ਸਭ ਪੂਰੇ ਜੋਸ਼ ਤੇ ਉਤਸ਼ਾਹ ਦੇ ਭਰੇ ਸਨ।

ਛੇਤੀ ਹੀ ਟਰਾਲੀ ਨੱਕੋ-ਨੱਕ ਭਰ ਗਈ ਤੇ ਨਾਲ ਦੇ ਪਿੰਡਾਂ ਦੀਆਂ ਟਰਾਲੀਆਂ ਦੇ ਕਾਫਲੇ ਨਾਲ ਰਲ ਗਈ। ਹੌਲੀ-ਹੌਲੀ ਇੰਨੇ ਉਮੜੇ ਜੋਸ਼ ਤੇ ਟਰੈਕਟਰ-ਟਰਾਲੀਆਂ ਦੀ ਭੀੜ ਦੇ ਕਾਫਲੇ ਨੂੰ ਦੇਖ ਮੇਰਾ ਮਨ ਵੀ ਉਤਸ਼ਾਹ ਨਾਲ ਭਰਨ ਲੱਗਾ। ਟਰਾਲੀ ਵਿੱਚ ਬਜੁਰਗ ਸਾਥੀ ਦਿੱਲੀ ਦੇ ਸੰਘਰਸ਼ ਤੇ ਪ੍ਰਾਪਤੀਆਂ ਬਾਰੇ ਬੜੀ ਖੁਸ਼ੀ ਪੂਰਵਕ ਚਰਚਾ ਕਰ-ਕਰ ਕੇ ਇਸ ਧਰਨੇ ਤੋਂ ਵੀ ਭਵਿੱਖੀ ਉਦੇਸ਼ਾਂ ਦੀ ਪੂਰਤੀ ਦੀਆਂ ਆਸਾਂ ਬੰਨ ਰਹੇ ਸਨ। ਕੁਝ ਕਿਸਾਨ ਸਾਥੀ ਗੱਲ ਕਰ ਰਹੇ ਸਨ ਕਿ ਕੇਂਦਰ ਸਰਕਾਰ ਵੱਲੋਂ ਉਨਾਂ ਕਿਸਾਨਾਂ ਦੇ ਪਰਿਵਾਰਾਂ ਤੇ ਬੱਚਿਆਂ ਲਈ ਤਰਸ ਦੇ ਅਧਾਰ ਤੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਤੌਰ ਤੇ ਸਹਾਇਤਾ ਤੇ ਪਰਿਵਾਰ ਦੇ ਗੁਜਾਰੇ ਲਈ ਨੌਕਰੀ ਦੀ ਸਹੂਲਤ ਦੇਣੀ ਚਾਹੀਦੀ ਹੈ ਜਿਵੇਂ ਕਿ ਪੰਜਾਬ ਸਰਕਾਰ ਦੇ ਰਹੀ ਹੈ। ਕੁਝ ਤਾਂ ਨਾਲ ਦੇ ਪਿੰਡ ਦੇ ਮੁੰਡੇ ਜਰਨੈਲ ਸਿੰਘ ਦੀ ਗੱਲ ਕਰ ਰਹੇ ਸਨ ਜੋ ਕਿ ਅਜੇ ਪਿਛਲੇ ਮਹੀਨੇ ਇਸੇ ਤਰਾਂ ਹੀ ਨੌਕਰੀ ਤੇ ਹਾਜਰ ਹੋਇਆ ਸੀ। ਇੱਕ ਹੋਰ ਬਜੁਰਗ ਕਹਿਣ ਲੱਗਾ, “ ਓ ਭਰਾਵੋ, ਸੁਣਿਆ ਵਾ ਕਿ ਸਰਕਾਰ ਦਿੱਲੀ ਦੇ ਧਰਨੇ ਵਿੱਚ ਸ਼ੀਦ ਹੋਣ ਆਲੇ ਕਿਸਾਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ, ਪੰਜ ਲੱਖ ਰੁਪਏ ਵੀ ਦੇ ਰਹੀ ਹੈ ਪਰ ਇੱਕ ਗੱਲ ਦੱਸਾਂ ਵਈ ਸਰਕਾਰ ਨੂੰ ਚਾਹੀਦਾ ਹੈ ਕਿ ਮਰਨ ਵਾਲੇ ਕਿਸਾਨ ਦੇ ਪਰਿਵਾਰ ਦੇ ਸਿਰ ਜੋ ਕਰਜੇ ਦੀ ਪੰਡ ਹੁੰਦੀ ਹੈ ਓ ਵੀ ਮਾਫ ਕਰ ਦੇਵੇ ਤਾਂ ਬਾਅਲਾ ਵਧੀਆ ਹੋਜੇ। ”

“ ਕੀ ਖਿਆਲ ਤੇਰਾ, ਤੂੰ ਕੀ ਆਹਨਾਂ ਪੁੱਤ ?” (ਓਸ ਬਾਪੂ ਨੇ ਮੇਰਾ ਮੋਢਾ ਹਲੂਣਿਆ।)

“ ਹਾਂਜੀ ਬਾਬਾ ਜੀ, ਬਿਲਕੁਲ ਠੀਕ ਕਿਹਾ ਤੁਸੀਂ, ਏਦਾਂ ਹੀ ਹੋਣਾ ਚਾਹੀਦਾ ਹੈ। ” (ਮੈਂ ਚੁੱਪ ਚਾਪ ਹਾਂ ਦਾ ਹੁੰਗਾਰਾ ਭਰਿਆ।)

ਕੁਝ ਕਿਸਾਨ ਚੁੱਪ ਸਨ ਜੋ ਪਹਿਲੀ ਵਾਰ ਜਾ ਰਹੇ ਸਨ, ਓ ਚੁੱਪ ਤੇ ਸ਼ਾਂਤੀ ਨਾਲ ਗੱਲਾਂ ਸੁਣ ਰਹੇ ਸਨ।

ਸਾਡੇ ਪਿੰਡ ਵਾਲਾ ਤਾਇਆ ਬਿਸ਼ਨਾ ਬੋਲਿਆ, “ ਓ ਮੈਂ ਕੈਹਨਾ, ਪੰਜ ਲੱਖ ਦੀ ਥਾਂ ਸਰਕਾਰ ਨੂੰ ਦਸ ਲੱਖ ਦੇਣਾ ਚਾਹੀਦਾ ਹੈ, ਨਾਲੇ ਪੰਜ ਲੱਖ ਨਾਲ ਅੱਜ ਦੇ ਮੰਗਾਈ ਦੇ ਸਮੇਂ ਚ ਵਿੱਚ ਕੀ ਬਣਦਾ ਹੈ ?” ਸਾਰਿਆਂ ਉਸ ਦੀ ਗੱਲ ਵਿੱਚ ਆਹੋ..ਆਹੋ ਕਹਿੰਦਿਆਂ ਹਾਂ ਵਿੱਚ ਹਾਂ ਮਿਲਾਈ।

ਫੇਰ ਚਾਚਾ ਰੱਤੂ ਥੋੜਾ ਖਚਰਾ ਹਾਸਾ ਹੱਸਦਿਆਂ ਬੋਲਿਆ, “ ਭਰਾਵੋ, ਮੈਂ ਕੱਲ੍ਹ ਤਸੀਲਦਾਰ ਦੇ ਦਫਤਰ ਗਿਆ, ਜਦੋਂ ਦਫਤਰ ਦੇ ਬਾਊ ਨੇ ਮੇਰੀ ਦਰਖਾਸਤ ਦੇਖਣ ਤੋਂ ਬਿਨਾਂ ਹੀ ਕੱਲ ਆਉਣ ਲਈ ਕਿਹਾ…ਤਾਂ ਮੈਂ ਕਹਿ ਬੈਠਾ ਕਿ ਬਾਊ ਜੀ ਮੇਰੀ ਦਰਖਾਸਤ ਦੇਖਿਓ ਸਹੀ ਵਾ, ਮੈਂਥੋਂ ਕੱਲ ਨੀ ਆਇਆ ਜਾਣਾ, ਕੱਲ ਮੈਂ ਧਰਨੇ ਤੇ ਜਾਣਾ ਹੈ, ਤੁਸੀਂ ਮੇਰੀ ਦਰਖਾਸਤ ਤੇ ਮੋਹਰ ਲਾਦੋ, ਮੈਨੂੰ ਪਤਾ ਨਾ ਲੱਗਾ ਪਰ ਓਹ ਭਲਾਮਾਣਸ ਮੇਰੇ ਕਮੀਜ ਤੇ ਲ਼ੱਗੇ ਕਿਸਾਨ ਯੂਨੀਅਨ ਦੇ ਬਿੱਲੇ ਨੂੰ ਵੇਖ ਕਹਿੰਦਾ, ਤੁਸੀਂ ਲਓ ਜੀ ਲਓ ਹੁਣੇ ਮੋਹਰ ਲਾ ਦਿੰਨਾ ਵਾ, ਧਰਨਾ ਕਿਤੇ ਇੱਥੇ ਹੀ ਨਾ ਲਾ ਦਿਓ ਬਾਬਾ ਜੀ। ” ਸਾਰੇ ਸੁਣ ਕੇ ਉੱਚੀ-ਉੱਚੀ ਹੱਸੇ, ਜਿਵੇਂ ਚਾਚੇ ਰੱਤੂ ਕੋਈ ਜੰਗ ਜਿੱਤੀ ਹੋਵੇ।

ਓਹ ਫੇਰ ਬੋਲਿਆ, “ ਵੇਖਿਆ, ਸਾਡੀ ਜੱਥੇਬੰਦੀ ਕਿੰਨੀ ਤਗੜੀ ਹੈ। ” (ਸਾਰਿਆਂ ਹਾਂ ਵਿੱਚ ਸਿਰ ਹਿਲਾਇਆ।)

ਧਰਨੇ ਵਾਲੀ ਜਗ੍ਹਾ ਨਜਦੀਕ ਆ ਗਈ। ਦੁਪਹਿਰ ਹੋਏ ਅਸੀਂ ਧਰਨੇ ਵਾਲੀ ਜਗ੍ਹਾ ਪਹੁੰਚੇ। ਧਰਨਾ ਨੈਸ਼ਨਲ ਹਾਈਵੇ ਦੇ ਕਿਨਾਰੇ ਉੱਚੀ ਸਾਰੀ ਬਿਲਡਿੰਗ ਦੇ ਵੱਡੇ ਸਾਰੇ ਗੇਟ ਦੇ ਸਾਹਮਣੇ ਲੱਗਾ ਸੀ। ਇਹ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਸੀ। ਧਰਨਾਕਾਰੀ ਡਿਪਟੀ ਕਮਿਸ਼ਨਰ ਨੂੰ ਸਰਕਾਰ ਤੱਕ ਪੁੱਜਦਾ ਕਰਨ ਲਈ ਆਪਣੀਆਂ ਹੱਕੀ ਮੰਗਾਂ ਦਾ ਮੰਗ ਪੱਤਰ ਦੇਣ ਆਏ ਸਨ। ਭਾਵੇਂ ਕਿ ਸਾਡੇ ਵਿੱਚੋਂ ਬਹੁਤੇ ਬੰਦਿਆਂ ਨੂੰ ਤਾਂ ਮੰਗਾਂ ਦਾ ਵੀ ਪੂਰਾ ਪਤਾ ਨਹੀਂ ਸੀ ਪਰ ਆਏ ਸਭ ਪੂਰੀ ਤਿਆਰੀ ਤੇ ਜੋਸ਼ ਨਾਲ ਸੀ। ਸਾਹਮਣੇ ਉੱਚੀ ਬਿਲਡਿੰਗ ਤੇ ਲੱਗਾ ਚਮਕਦਾਰ ਸਟੀਲ ਦੇ ਅੱਖਰਾਂ ਵਿੱਚ ਲਿਖਿਆ ਹੋਇਆ, ਜਿਲਾ ਪ੍ਰਸ਼ਾਸ਼ਕੀ ਕੰਪਲੈਕਸ, ਕਿਸਾਨ ਜੱਥੇਬੰਦੀ ਦਾ ਮੂੰਹ ਚਿੜਾ ਰਿਹਾ ਸੀ।

ਧਰਨੇ ਵਾਲੇ ਇਕੱਠ ਨੇ ਆਉਣ ਵਾਲੀਆਂ ਟਰੈਕਟਰ-ਟਰਾਲੀਆਂ ਦਾ ਉੱਚੀ-ਉੱਚੀ ਨਾਅਰਿਆਂ ਨਾਲ ਸੁਆਗਤ ਕਰਦੇ ਉਨਾਂ ਨੂੰ ਆਪਣੇ ਇਕੱਠ ਸ਼ਾਮਿਲ ਕੀਤਾ। ਛੇਤੀ ਉੱਚੀ ਤੇ ਅਸਮਾਨੀ ਆਵਾਜ ਬੁਲੰਦ ਕਰਦੇ ਨਾਅਰਿਆਂ ਨਾਲ ਆਲਾ-ਦੁਆਲਾ ਗੂੰਜ ਉੱਠਿਆ।

“ ਸਾਡੀਆਂ ਮੰਗਾਂ ਪੂਰੀਆਂ ਕਰੋ, ਪੂਰੀਆਂ ਕਰੋ। ”

“ ਸਾਡਾ ਏਕਾ ਜਿੰਦਾਬਾਦ, ਜਿੰਦਾਬਾਦ। ”

“ ਪ੍ਰਸ਼ਾਸ਼ਨ, ਸਰਕਾਰ ਮੁਰਦਾਬਾਦ, ਮੁਰਦਾਬਾਦ। ”

ਦਰੀਆਂ, ਪੱਖੇ ਤੇ ਬੈਠਣ ਦਾ ਵਧੀਆ ਪ੍ਰਬੰਧ ਸੀ। ਸਾਡੇ ਪਿੰਡ ਦਾ ਇਕੱਠ ਲੇਟ ਆਉਣ ਕਰਕੇ ਮਗਰ ਬੈਠ ਗਿਆ। ਧਰਨੇ ਦੇ ਅਗਵਾਈ ਕਰਤਾ ਉੱਚੀ ਉੱਚੀ ਤਕਰੀਰਾਂ ਨਾਲ ਭਾਸ਼ਣ ਦੇ ਰਹੇ ਸਨ। ਦੂਰੋਂ ਆਉਣ ਵਾਲੇ ਜੱਥਿਆਂ ਲਈ ਲੰਗਰ-ਪਾਣੀ ਦਾ ਅਟੁੱਟ ਪ੍ਰਵਾਹ ਚੱਲ ਰਹੇ ਸਨ। ਜਿਨਾਂ ਲੰਗਰ-ਪਾਣੀ ਛੱਕ ਲਿਆ ਸੀ ਉਹ ਵਾਪਸ ਆ ਕੇ ਧਰਨੇ ਵਿੱਚ ਬੈਠ ਰਹੇ ਸਨ ਤੇ ਕਈ ਲੰਗਰ ਛੱਕਣ ਜਾ ਰਹੇ ਸਨ।

ਧਰਨਾ ਸੱਚ-ਮੁੱਚ ਬਹੁਤ ਵਿਸ਼ਾਲ ਸੀ। ਧਰਨੇ ਨਜਦੀਕ ਪੁਲਿਸ ਦੇ ਮੁਲਾਜਮ ਅਮਨ-ਸ਼ਾਂਤੀ ਤੇ ਸੁਰੱਖਿਆ ਲਈ ਮੁਸਤੈਦੀ ਨਾਲ ਡਿਊਟੀ ਕਰ ਰਹੇ ਸੀ। ਰੋਜਮਰਾ ਦੇ ਕੰਮ-ਕਾਜ ਲਈ ਲੋਕ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿੱਚ ਆ ਜਾ ਰਹੇ ਸਨ। ਗੇਟ ਲੋਕਾਂ ਦੇ ਆਉਣ ਜਾਣ ਲਈ ਖੁੱਲਾ ਸੀ। ਕਹਿਣ ਨੂੰ ਇਹ ਕਿਸਾਨ-ਮਜਦੂਰ ਸੰਘਰਸ਼ ਯੂਨੀਅਨਾਂ ਦਾ ਧਰਨਾ ਸੀ ਪਰ ਮੈਨੂੰ ਮਜਦੂਰ-ਕਾਮੇ ਘੱਟ ਹੀ, ਕਹਿ ਲਓ ਨਾ ਮਾਤਰ ਹੀ ਦਿਸੇ ਅਣਗੌਲਿਆਂ ਦੀ ਤਰ੍ਹਾਂ। ਜਿਆਦਾਤਰ ਕਿਸਾਨ ਹੀ ਕਿਸਾਨ ਨਜਰੀ ਪਏ ਜੋ ਆਰਥਿਕ ਪੱਖੋਂ ਸੁਖਾਲੇ ਲਗੇ। ਕਿਉਂਜੋ ਉਹ ਟਰਾਲੀਆਂ ਤੋਂ ਇਲਾਵਾ ਆਪੋ ਆਪਣੀਆਂ ਮਹਿੰਗੀਆਂ-ਮਹਿੰਗੀਆਂ ਕਾਰਾਂ-ਗੱਡੀਆਂ ਵਿੱਚ ਆਏ ਦਿਸੇ। ਟਾਂਵੇ-ਟਾਂਵੇ ਪੀਟਰ ਰੇਹੜੇ ਤੇ ਟੈਂਪੂ ਵੀ ਦਿਸੇ। ਲੱਗ ਰਿਹਾ ਸੀ ਕਿ ਜਿਸਨੂੰ ਜੋ ਵੀ ਮਿਲਿਆ ਸੀ ਉਸੇ ਤੇ ਸਵਾਰ ਹੋ ਕੇ ਪਹੁੰਚਿਆ ਸੀ ਧਰਨੇ ਵਿੱਚ।

ਮੈਂ ਲੰਗਰ ਵਾਲੇ ਪਾਸੇ ਗਿਆ ਤਾਂ ਮੈਨੂੰ ਅਚਾਨਕ ਇੱਕ ਟਰਾਲੀ ਵਿੱਚ ਕੋਈ ਪਰਨਾ ਉਪਰ ਲੈ ਕੇ ਲੇਟਿਆ ਦਿਸਿਆ। ਮੈਂ ਜਗਿਆਸਾ ਵੱਸ ਹੀ ਉਸ ਕੋਲ ਚਲਾ ਗਿਆ ਤੇ ਫਤਿਹ ਦੀ ਸਾਂਝ ਪਾਈ, “ ਸਤਿ ਸ੍ਰੀ ਅਕਾਲ ਜੀ,ਬਾਬਿਓ । ”

ਲੋਈ ਸਿਰ ਤੋਂ ਲਾਹ ਕੇ ਇੱਕ ਅੱਸੀ-ਨੱਬੇ ਸਾਲਾ ਬਜੁਰਗ ਮਸਾਂ ਜਾਗਿਆ ਤੇ ਹੋਲੀ ਜਿਹੀ ਬੈਠ ਗਿਆ।

ਮੈਂ ਫੇਰ ਫਤਿਹ ਬੁਲਾਈ, “ ਮੈਂ ਕਿਹਾ ਬਾਬਾ ਜੀ ਰਾਜੀ ਓ, ਕੀ ਹਾਲ ਐ?”

“ ਸ਼ਾਸ਼…ਸ਼੍ਰੀ ਕਾਲ….ਕੌਣ ਆ ਪੁੱਤ ?” (ਬਾਬੇ ਨੱਕ ਤੇ ਮੋਟੀ ਐਨਕ ਟਿਕਾਉਂਦਿਆਂ ਭਰੜਾਈ ਤੇ ਬਿਮਾਰ ਜਿਹੀ ਅਵਾਜ ਚ ਜੁਆਬ ਦਿੱਤਾ।)

ਕੁੱਬ ਜਿਹਾ ਕੱਢੀ, ਮੁਸ਼ਕਲ ਨਾਲ ਬੈਠਣ ਦੀ ਕੋਸ਼ਿਸ਼ ਕਰਦਾ ਬਾਬਾ ਕੁੱਲ਼ ਮਿਲਾ ਕੇ ਮਨੁੱਖਤਾ ਦਾ ਮਿੱਧਿਆ ਜਿਹਾ ਨਮੂਨਾ ਲੱਗਾ।

ਬਾਬਾ ਪੂਰੀ ਜੋਰ ਨਾਲ ਖੰਘਦਾ ਤੇ ਕੰਬਦਾ ਬੋਲਿਆ, “ ਪੁੱਤ..ਤ..ਮੈਂ ਸਿਆਣਿਆ ਨੀ, ਕੌਣ ਆ ਸ਼ੇਰਾ ਤੂੰ ?”

” ਬਾਬਾ ਜੀ, ਮੈਂ ਧਰਨੇ ਵਿੱਚ ਆਇਆ ਸੀ, ਲੰਗਰ ਖਾਣ ਏਧਰ ਨੂੰ ਆ ਰਿਹਾ ਸੀ, ਤੁਹਾਨੂੰ ਵੇਖ ਕੇ ਰੁੱਕ ਗਿਆ ਸੀ। ” ਮੈਂ ਜੁਆਬ ਦਿੱਤਾ।

“ ਅਸੀਂ ਨੀ ਧੜਨੇ ਵਿੱਚ ਆਏ ਆਂ, ਮੈਂ ਤੇ ਮੇਰਾ ਪੁੱਤ।” ਬਾਬੇ ਨੇ ਕੰਬਦੇ ਹੱਥਾਂ ਨਾਲ ਮੈਲਾ ਜਿਹਾ ਪਰਨਾ ਸਿਰ ਦੇ ਨਾਮਤਰ, ਕੁਝ ਕੁ ਬਚੇ ਚਿੱਟੇ ਧੌਲਿਆਂ ਤੇ ਟਿਕਾਉਂਦਿਆਂ ਕਿਹਾ।

ਬਾਬਾ ਹੱਡੀਆਂ ਦੀ ਮੁੱਠ ਸੀ। ਉਹ ਮਸਾਂ ਹੀ ਪਿੱਛੇ ਨੂੰ ਮੁੜ ਕੇ ਮੇਰੀਆਂ ਗੱਲ਼ਾਂ ਦਾ ਜੁਆਬ ਦੇ ਪਾ ਰਿਹਾ ਸੀ।

ਏਨੇ ਨੂੰ ਇੱਕ ਨੌਜੁਆਨ ਜੋ ਮੇਰਾ ਹੀ ਹਮਉਮਰ ਸੀ, ਮੇਰੇ ਵੱਲ ਆਇਆ ਤੇ ਫਤਿਹ ਦੀ ਸਾਂਝ ਪਾਇ, “ ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਭਾਜੀ?”

ਮੈਂ ਹੈਰਾਨੀ ਨਾਲ ਉਸ ਨੂੰ ਪੁੱਛਿਆ, “ ਬਾਬਾ ਜੀ ਇੰਨੇ ਬਜੁਰਗ ਤੇ ਬਿਮਾਰ ਨੇ, ਇਨਾਂ ਨੂੰ ਧਰਨੇ ਵਿੱਚ ਕਿਉਂ ਲਿਆਏ ਓ?”

“ ਕੀ ਦੱਸੀਏ ਭਾਜੀ? ਮੈਂ ਬਹੁਤ ਰੋਕਿਆ ਏਨਾਂ ਨੂੰ, ਪਰ ਸਾਡੇ ਪਿਤਾ ਜੀ ਕਿਸਾਨ ਜੱਥੇਬੰਦੀ ਦੇ ਪੁਰਾਣੇ ਮੈਂਬਰ ਨੇ, ਜਾਣ ਤੋਂ ਬਿਨਾਂ ਰਹਿੰਦੇ ਨਹੀ, ਜਿੱਦ ਕਰਕੇ ਆਏ ਨੇ ਨਾਲ, ਕਹਿੰਦੇ ਨੇ ਮੈਂ ਕਿਸਾਨੀ ਫਰਜ ਨਿਭਾਉਣਾ ਹੈ, ਜੇ ਮੈਂ ਧਰਨੇ ਵਿੱਚ ਮਰ ਵੀ ਜਾਵਾਂ ਤਾਂ ਵੀ ਕੋਈ ਗਮ ਨਹੀ ਪਰ ਮੈਂ ਧਰਨੇ ਵਿੱਚ ਜਾਣਾ ਜਰੂਰ ਹੈ ਤਾਂ ਕਰਕੇ ਲਿਆਉਣਾ ਪਿਆ।” ਉਸ ਮੁੰਡ ਨੇ ਇੱਕੇ ਸਾਹ ਸਾਰੀਆਂ ਗੱਲਾਂ ਦੱਸ ਦਿੱਤੀਆਂ।

ਏਨੇ ਨੂੰ ਬਜੁਰਗ ਬਾਪੂ ਫੇਰ ਕੰਬਦੀ ਅਵਾਜ ਵਿੱਚ ਬੋਲਿਆ, “ ਪੁੱਤ..ਤ, ਏਨੂੰ ਕੀ ਪਤਾ ਵਾ? ਮੈਂ ਬਜੁਰਗ ਵਾਂ, ਬਿਮਾਰ ਵਾਂ, ਫੇਰ ਕੀ ਹੋਇਆ ਜੇ ਮੈਂ ਜੱਥੇਬੰਦੀ ਦੀ ਸੇਵਾ ਕਰਦਾ ਮਰ ਵੀ ਜਾਵਾਂ ਤਾਂ।“

ਬਾਬੇ ਦੀ ਇੰਨੀ ਗੱਲ ਸੁਣ ਕੇ ਮੇਰਾ ਮਨ ਅਜੇ ਉਸਦੇ ਜੱਥੇਬੰਦੀ ਪ੍ਰਤੀ ਜਜਬੇ ਤੋਂ ਖੁਸ਼ ਹੋ ਹੀ ਰਿਹਾ ਸੀ ਕਿ ਉਹ ਕੁਝ ਦੇਰ ਰੁੱਕ ਕੇ ਫੇਰ ਅਚਾਨਕ ਬੋਲਿਆ,  “ ਵੇਖ ਪੁੱਤ, ਜੇ ਮੈਂ ਏਥੇ ਮਰਿਆ ਤਾਂ ਮੇਰਾ ਮੁੱਲ ਪੈ ਜਾਣਾ ਵਾਂ, ਮੈਂ ਸੁਣਿਆ ਵਾਂ ਕਿ ਸਰਕਾਰ ਧਰਨਿਆਂ ਵਿੱਚ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਨਾਲ ਪੰਜ ਲੱਖ ਰੁਪਏ ਦਿੰਦੀ ਹੈ ਤੇ ਹੋ ਸਕਦਾ ਵਾ ਮੇਰੇ ਪੁੱਤ ਦੇ ਸਿਰ ਚੜਿਆ ਦੱਸ ਲੱਖ ਦਾ ਕਰਜਾ ਵੀ ਮਾਫ ਕਰ ਦੇਵੇ।”

ਬਾਬੇ ਦੀ ਆਖਰੀ ਗੱਲ ਸੁਣ ਕੇ ਮੇਰੀ ਸੋਚ ਇੱਕ ਪਲ ਲਈ ਸੁੰਨ ਹੋ ਗਈ। ਮੈਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਬਾਬੇ ਦੀ ਗੱਲ ਦਾ ਜੁਆਬ ਕੀ ਦੇਵਾਂ। ਉਸ ਦਾ ਆਪਣਾ ਪੁੱਤ ਵੀ ਨਜਰ ਝੁਕਾਈ ਖੜਾ ਸੀ ਤੇ ਮੇਰਾ ਮਨ ਧਰਨੇ ਦੇ ਅਸਲ ਅਰਥਾਂ ਨੂੰ ਭਾਲਣ ਵਿੱਚ ਗੁੰਮ ਜਿਹਾ ਹੋ ਕੇ ਰਹਿ ਗਿਆ। ਫੇਰ ਪਤਾ ਹੀ ਨਾ ਲੱਗਾ ਕਦੋਂ ਮੇਰੇ ਕਦਮਾਂ ਵਾਪਸ ਪਿੰਡ ਨੂੰ ਚਾਲੇ ਪਾ ਦਿੱਤੇ।

Related posts

‘ਆਰਟੀਫਿਸ਼ੀਅਲ ਇੰਟੈਲੀਜ਼ਸ: ਟਰਾਂਸਫੋਰਮਿੰਗ ਐਜੂਕੇਸ਼ਨ’ ਪੁਸਤਕ ਨੂੰ ਕੀਤਾ ਲੋਕ ਅਰਪਿਤ

admin

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੈਡੀਕਲ ਕਾਲਜਾਂ ਦੇ ਨਿਰਮਾਣ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ

Bunty

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਆਸਟ੍ਰੇਲੀਆ ਵਿਖੇ ਨਿੱਘਾ ਸਵਾਗਤ

Bunty