India

ਭਾਗਵਤ ਨੇ ‘ਹਿੰਦੂ ਏਕਤਾ’ ਦਾ ਸੱਦਾ ਦਿੰਦਿਆਂ ਭਾਰਤ ਵਿਰੋਧੀਆਂ ’ਤੇ ਸਾਜਿਸ਼ਾਂ ਰਚਣ ਦੇ ਲਾਏ ਦੋਸ਼

ਨਾਗਪੁਰ – ਰਾਸ਼ਟਰੀ ਸੋਇਮਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸ਼ਨਿੱਚਰਵਾਰ ਨੂੰ ਵਿਜੈ ਦਸਮੀ (ਦੁਸਹਿਰੇ) ਮੌਕੇ ਦਿੱਤੇ ਆਪਣੇ ਰਵਾਇਤੀ ਸਾਲਾਨਾ ਭਾਸ਼ਣ ਵਿਚ ‘ਹਿੰਦੂ ਏਕਤਾ’ ਦਾ ਸੱਦਾ ਦਿੰਦਿਆਂ ਦੋਸ਼ ਲਾਇਆ ਕਿ ਬੰਗਲਾਦੇਸ਼ ਵਿਚ ਭਾਰਤ ਨੂੰ ਉਸ ਮੁਲਕ ਲਈ ਖ਼ਤਰੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤ ਵਿਰੋਧੀ ਤਾਕਤਾਂ ਵੱਲੋਂ ਭਾਰਤ ਖ਼ਿਲਾਫ਼ ਵੱਡੇ ਪੱਧਰ ’ਤੇ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਜ਼ਿਆਦਾ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿਚ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਇਸ ਮੁਲਕ ਨੂੰ ਭਾਰਤ ਤੋਂ ਖ਼ਤਰਾ ਹੈ ਅਤੇ ਉਸ ਨੂੰ ਪਾਕਿਸਤਾਨ ਨਾਲ ਹੱਥ ਮਿਲਾਉਣਾ ਚਾਹੀਦਾ ਹੈ। ਉਹ ਨਾਗਪੁਰ ਸਥਿਤ ਆਰ.ਐੱਸ.ਐੱਸ. ਹੈਡਕੁਆਰਟਰ ਵਿਖੇ ਵਿਜੈ ਦਸਮੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਭਾਰਤ ਸਮੇਤ ਸਾਰੇ ਸੰਸਾਰ ਵਿਚ ਹਿੰਦੂ ਸਮਾਜ ਦੀ ਏਕਤਾ ਉਤੇ
ਜ਼ੋਰ ਦਿੰਦਿਆਂ ਕਿਹਾ ਕਿ ਕਮਜ਼ੋਰੀ ਗੁਨਾਹ ਹੈ। ਉਨ੍ਹਾਂ ਕਿਹਾ, ‘‘ਕਮਜ਼ੋਰ ਦੀ ਤਾਂ ਭਗਵਾਨ ਵੀ ਪ੍ਰਵਾਹ ਨਹੀਂ ਕਰਦਾ।’’ ਉਨ੍ਹਾਂ ਕਿਹਾ ਕਿ ਵਿਅਕਤੀਗਤ ਅਤੇ ਕੌਮੀ ਚਰਿੱਤਰ ਦੀ ਮਜ਼ਬੂਤੀ ‘ਧਰਮ ਦੀ ਜਿੱਤ’ ਦਾ ਆਧਾਰ ਬਣਦੀ ਹੈ। ਭਾਗਵਤ ਨੇ ਕਿਹਾ ਕਿ ਭਾਰਤ ਵਿਚ ਆਸਾਂ-ਉਮੀਦਾਂ ਦੇ ਨਾਲ ਚੁਣੌਤੀਆਂ ਤੇ ਸਮੱਸਿਆਵਾਂ ਵੀ ਹਨ। ਉਨ੍ਹਾਂ ਕਿਹਾ,‘‘ਸਾਨੂੰ ਅਹਿੱਲਿਆ ਬਾਈ ਹੋਲਕਰ,ਦਯਾਨੰਦ ਸਰਸਵਤੀ, ਬਿਰਸਾ ਮੁੰਡਾ ਅਤੇ ਅਜਿਹੀਆਂ ਹੋਰ ਮਹਾਨ ਹਸਤੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣਾ ਜੀਵਨ ਦੇਸ਼ ਦੀ ਭਲਾਈ, ਧਰਮ, ਸੱਭਿਆਚਾਰ ਅਤੇ ਸਮਾਜ ਲਈ ਸਮਰਪਿਤ ਕਰ ਦਿੱਤਾ।’’ ਭਾਗਵਤ ਨੇ ਕਿਹਾ ਕਿ ਭਾਰਤ ’ਚ ਉਮੀਦਾਂ ਅਤੇ ਇੱਛਾਵਾਂ ਤੋਂ ਇਲਾਵਾ ਚੁਨੌਤੀਆਂ ਅਤੇ ਸਮੱਸਿਆਵਾਂ ਵੀ ਹਨ। ਉਨ੍ਹਾਂ ਕਿਹਾ ਕਿ ਪਛਮੀ ਏਸ਼ੀਆ ’ਚ ਇਜ਼ਰਾਈਲ ਨਾਲ ਹਮਾਸ ਦਾ ਸੰਘਰਸ਼ ਹੁਣ ਕਿੱਥੇ ਤਕ ਫੈਲੇਗਾ, ਇਸ ਦੀ ਚਿੰਤਾ ਸਾਰਿਆਂ ਦੇ ਸਾਹਮਣੇ ਹੈ। ਭਾਗਵਤ ਨੇ ਇਸ ਗੱਲ ’ਤੇ ਵੀ ਸੰਤੁਸ਼ਟੀ ਜ਼ਾਹਰ ਕੀਤੀ ਕਿ ਜੰਮੂ-ਕਸ਼ਮੀਰ ’ਚ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈਆਂ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੇਸ਼ ਦੀ ਯੁਵਾ ਸ਼ਕਤੀ, ਮਾਂ ਸ਼ਕਤੀ, ਉੱਦਮੀ, ਕਿਸਾਨ, ਮਜ਼ਦੂਰ, ਨੌਜੁਆਨ, ਪ੍ਰਸ਼ਾਸਨ, ਸਰਕਾਰ ਸਾਰੇ ਅਪਣੇ ਕੰਮ ਪ੍ਰਤੀ ਵਚਨਬੱਧ ਰਹਿਣਗੇ। ਭਾਗਵਤ ਨੇ ਕਿਹਾ,‘‘ਗੁਆਂਢੀ ਦੇਸ਼ ਬੰਗਲਾਦੇਸ਼ ਵਿਚ, ਜੋ ਹਾਲ ਹੀ ਵਿਚ ਵੱਡੀ ਸਿਆਸੀ ਉਥਲ-ਪੁਥਲ ਵਿਚ ਰਿਹਾ ਹੈ, ਇਹ ਪ੍ਰਭਾਵ ਫੈਲਾਇਆ ਜਾ ਰਿਹਾ ਹੈ ਕਿ ਭਾਰਤ ਇਕ ਖਤਰਾ ਹੈ ਅਤੇ ਉਨ੍ਹਾਂ ਨੂੰ ਭਾਰਤ ਵਿਰੁਧ ਅਪਣੀ ਰੱਖਿਆ ਲਈ ਪਾਕਿਸਤਾਨ ਨਾਲ ਹੱਥ ਮਿਲਾਉਣਾ ਚਾਹੀਦਾ ਹੈ। ਅਜਿਹੀ ਸੋਚ ਕੌਣ ਫੈਲਾ ਰਿਹਾ ਹੈ।’’ ਆਰ.ਐਸ.ਐਸ. ਮੁਖੀ ਨੇ ਕਿਹਾ ਕਿ ਜਦੋਂ ਤਕ ਬੰਗਲਾਦੇਸ਼ ’ਚ ਕੱਟੜਪੰਥੀ ਸੁਭਾਅ ਮੌਜੂਦ ਹੈ, ਉਦੋਂ ਤਕ ਹਿੰਦੂਆਂ ਸਮੇਤ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੇ ਸਿਰਾਂ ’ਤੇ ਖਤਰੇ ਦੀ ਤਲਵਾਰ ਲਟਕਦੀ ਰਹੇਗੀ। ਉਨ੍ਹਾਂ ਕਿਹਾ,‘‘ਇਸ ਲਈ ਬੰਗਲਾਦੇਸ਼ ਤੋਂ ਭਾਰਤ ਦੀ ਘੁਸਪੈਠ ਅਤੇ ਇਸ ਦੇ ਨਤੀਜੇ ਵਜੋਂ ਆਬਾਦੀ ਦਾ ਅਸੰਤੁਲਨ ਆਮ ਲੋਕਾਂ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।’’ ਉਨ੍ਹਾਂ ਕਿਹਾ,‘‘ਅਸੰਗਠਤ ਅਤੇ ਕਮਜ਼ੋਰ ਰਹਿਣਾ ਦੁਸ਼ਟਾਂ ਦੇ ਅੱਤਿਆਚਾਰਾਂ ਦਾ ਸੱਦਾ ਹੈ, ਇਸ ਸਬਕ ਨੂੰ ਦੁਨੀਆਂ ਭਰ ਦੇ ਹਿੰਦੂ ਸਮਾਜ ਨੂੰ ਵੀ ਅਪਣਾਉਣਾ ਚਾਹੀਦਾ ਹੈ।’’ ਭਾਗਵਤ ਨੇ ਕਿਹਾ ਕਿ ਸਰਕਾਰ ਨੂੰ ਕੰਟਰੋਲ ਕਰਨ ਵਾਲੀਆਂ ਅਸਿੱਧੀਆਂ ਤਾਕਤਾਂ (ਡੀਪ ਸਟੇਟ) ਅਤੇ ‘ਸਭਿਆਚਾਰਕ ਮਾਰਕਸਵਾਦੀ’ ਸਾਰੀਆਂ ਸਭਿਆਚਾਰਕ ਪਰੰਪਰਾਵਾਂ ਦੇ ਐਲਾਨਸ਼ੁਦਾ ਦੁਸ਼ਮਣ ਹਨ।

Related posts

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

admin

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

admin

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ

admin