2026 ਅੰਡਰ-19 ਵਿਸ਼ਵ ਕੱਪ ਇੱਕ ਅਜਿਹਾ ਟੂਰਨਾਮੈਂਟ ਸਾਬਤ ਹੋਇਆ, ਜਿੱਥੇ ਵੈਭਵ ਸੂਰਿਆਵੰਸ਼ੀ ਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਨਾ ਸਿਰਫ਼ ਭਾਰਤ ਨੂੰ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਾਇਆ ਸਗੋਂ ਆਪਣੇ ਆਪ ਨੂੰ ਭਾਰਤੀ ਕ੍ਰਿਕਟ ਦੇ ਭਵਿੱਖ ਵਜੋਂ ਵੀ ਸਥਾਪਿਤ ਕੀਤਾ। ਇੰਗਲੈਂਡ ਵਿਰੁੱਧ ਫਾਈਨਲ ਵਿੱਚ 80 ਗੇਂਦਾਂ ‘ਤੇ 175 ਦੌੜਾਂ ਦੀ ਆਪਣੀ ਇਤਿਹਾਸਕ ਪਾਰੀ ਨਾਲ, ਵੈਭਵ ਹੁਣ ਨੌਜਵਾਨਾਂ ਲਈ ਪ੍ਰੇਰਨਾ ਬਣ ਗਿਆ ਹੈ।
ਹਰਾਰੇ ਸਪੋਰਟਸ ਕਲੱਬ ਵਿੱਚ ਖੇਡੇ ਗਏ ਅੰਡਰ-19 ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਵੈਭਵ ਨੇ 80 ਗੇਂਦਾਂ ਵਿੱਚ 15 ਚੌਕਿਆਂ ਅਤੇ 15 ਛੱਕਿਆਂ ਦੀ ਮਦਦ ਨਾਲ 175 ਦੌੜਾਂ ਬਣਾਈਆਂ। ਇਹ ਨਾ ਸਿਰਫ ਅੰਡਰ-19 ਵਿਸ਼ਵ ਕੱਪ ਫਾਈਨਲ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਸੀ, ਸਗੋਂ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕਿਆਂ ਅਤੇ 55 ਗੇਂਦਾਂ ਵਿੱਚ ਦੂਜਾ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਬਣਾਇਆ। ਪਹਿਲੀ ਵਿਕਟ ਡਿੱਗਣ ਤੋਂ ਬਾਅਦ ਵੈਭਵ ਸੂਰਿਆਵੰਸ਼ੀ ਨੇ ਕਪਤਾਨ ਆਯੁਸ਼ ਮਹਾਤਰੇ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਸਥਿਰ ਕੀਤਾ। ਦੋਵਾਂ ਨੇ ਦੂਜੀ ਵਿਕਟ ਲਈ 142 ਦੌੜਾਂ ਦੀ ਸਾਂਝੇਦਾਰੀ ਕੀਤੀ। ਮਹਾਤਰੇ ਦੇ ਆਊਟ ਹੋਣ ਤੋਂ ਬਾਅਦ ਵੈਭਵ ਨੇ ਵੇਦਾਂਤ ਤ੍ਰਿਵੇਦੀ ਨਾਲ ਇੱਕ ਤੇਜ਼ ਸਾਂਝੇਦਾਰੀ ਬਣਾਈ ਜਿਸ ਨਾਲ ਭਾਰਤ 250 ਦੌੜਾਂ ਤੋਂ ਪਾਰ ਪਹੁੰਚ ਗਿਆ। ਵੈਭਵ ਦੀ ਪਾਰੀ ਦੀ ਬਦੌਲਤ ਭਾਰਤ ਨੇ 50 ਓਵਰਾਂ ਵਿੱਚ 9 ਵਿਕਟਾਂ ‘ਤੇ 411 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।
ਭਾਰਤ ਦੀ ਸ਼ਾਨਦਾਰ ਪਾਰੀ ਦੇ ਜਵਾਬ ਦੇ ਵਿੱਚ ਇੰਗਲੈਂਡ ਦੇ ਕਾਲੇਬ ਫਾਕਨਰ ਨੇ ਇੱਕ ਲੜਾਕੂ ਸੈਂਕੜਾ ਲਗਾਇਆ, ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੰਗਲੈਂਡ ਨੂੰ 311 ਦੌੜਾਂ ‘ਤੇ ਰੋਕ ਦਿੱਤਾ। ਭਾਰਤ ਨੇ ਮੈਚ 100 ਦੌੜਾਂ ਨਾਲ ਜਿੱਤਕੇ ਆਪਣਾ ਛੇਵਾਂ ਅੰਡਰ-19 ਵਿਸ਼ਵ ਕੱਪ ਹਾਸਲ ਕੀਤਾ।
