Breaking NewsLatest NewsPunjab

ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੀ ਹੈ – ਜਥੇਦਾਰ ਗੜਗੱਜ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਅਰਦਾਸ ਵਿੱਚ ਸ਼ਾਮਿਲ ਸਿੱਖ ਆਗੂ।

ਅੰਮ੍ਰਿਤਸਰ – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਮਨੁੱਖੀ ਹੱਕਾਂ ਦੇ ਰਾਖੇ ਅਤੇ ਲਾਵਾਰਿਸ ਕਰਾਰ ਦੇ ਕੇ ਖੁਰਦ-ਬੁਰਦ ਕੀਤੀਆਂ 25 ਹਜ਼ਾਰ ਦੇਹਾਂ ਦੀ ਆਵਾਜ਼ ਚੁੱਕਣ ਵਾਲੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਦੀ ਭੈਣ, ਮੁੱਖ ਗਵਾਹ ਭਾਈ ਕੁਲਦੀਪ ਸਿੰਘ ਬਚੜਾ ਦੀ ਧਰਮਪਤਨੀ ਅਤੇ ਓਸ ਵੇਲੇ ਭਾਈ ਖਾਲੜਾ ਦਾ ਸਾਥ ਦੇਣ ਵਾਲੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੀ ਹੈ। ਉਨ੍ਹਾਂ ਕਿਹਾ ਕਿ ਭਾਗਾਂ ਵਾਲਿਆਂ ਨੂੰ ਸ਼ਹਾਦਤ ਦਾ ਜਾਮ ਮਿਲਦਾ ਹੈ। ਭਾਈ ਜਸਵੰਤ ਸਿੰਘ ਖਾਲੜਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾਂ ਨੇ ਪੰਜਾਬ ਦੀ ਧਰਤੀ ‘ਤੇ ਹੋਏ ਅਨਿਆਂ ਅਤੇ ਲਾਵਾਰਸ ਕਹਿ ਕੇ ਸਾੜੀਆਂ ਗਈਆਂ ਦੇਹਾਂ ਦੀ ਸੱਚਾਈ ਦੁਨੀਆ ਸਾਹਮਣੇ ਲਿਆਂਦੀ। ਜਥੇਦਾਰ ਗੜਗੱਜ ਨੇ ਪ੍ਰਸ਼ਾਸਨ ਅਤੇ ਪੁਲਿਸ ਅਫ਼ਸਰਾਂ ਵੱਲੋਂ ਕੀਤੀਆਂ ਜਾਂਦੀਆਂ ਧੱਕੇਸ਼ਾਹੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਅਫ਼ਸਰਾਂ ਨੂੰ ਜ਼ੁਲਮ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਅਜਿਹੇ ਕੰਮਾਂ ਦਾ ਲੇਖਾ-ਜੋਖਾ ਇੱਥੇ ਅਤੇ ਅੱਗੇ ਵੀ ਦੇਣਾ ਪੈਂਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਹਰੀਕੇ ਪੱਤਣ ਵਿਖੇ ਸ਼ਹੀਦੀ ਯਾਦਗਾਰ ਬਣਾਉਣ ਲਈ ਜ਼ਮੀਨ ਵੇਖਣ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ, 1982 ਤੋਂ 1995 ਤੱਕ ਸ਼ਹੀਦ ਹੋਏ ਨਿਰਦੋਸ਼ ਸਿੱਖਾਂ ਅਤੇ ਹੋਰ ਲੋਕਾਂ ਦਾ ਡਾਟਾ ਇਕੱਠਾ ਕਰਕੇ ਯਾਦਗਾਰੀ ਰਿਕਾਰਡ ਤਿਆਰ ਕੀਤਾ ਜਾਵੇਗਾ। ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ ਅਤੇ ਸਰਪ੍ਰਸਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਵੇਗੀ। ਸਮਾਗਮ ਦੇ ਅੰਤ ਵਿੱਚ ਉਨ੍ਹਾਂ ਆਈਆਂ ਸਭ ਸੰਗਤਾਂ ਅਤੇ ਐਸਜੀਪੀਸੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

Related posts

ਪੰਜਾਬ ਬਦਲਵੀਆਂ ਫਸਲਾਂ ਲਈ ਤਿਆਰ ਪਰ ਕੇਂਦਰ ਸਰਕਾਰ ਫਸਲਾਂ ਦਾ ਲਾਹੇਵੰਦ ਭਾਅ ਦੇਵੇ-ਮੁੱਖ ਮੰਤਰੀ

Bunty

ਹਾਈ ਕੋਰਟ ਤੋਂ ਗੁਰਮੀਤ ਰਾਮ ਰਹੀਮ ਨੂੰ ਰਾਹਤ, ਰਣਜੀਤ ਸਿੰਘ ਹੱਤਿਆਕਾਂਡ ‘ਚ ਜੁਰਮਾਨੇ ਦੀ ਰਕਮ ‘ਤੇ ਲੱਗੀ ਰੋਕ

Bunty

ਘਰ ਪਰਤ ਰਹੇ ਕਿਸਾਨ ਸ਼ੁਰੂ ਕਰਨਗੇ ‘ਮਿਸ਼ਨ ਪੰਜਾਬ’

Bunty