ਜੰਮੂ – ਵਿਸ਼ਵ ਭਰ ’ਚ ਪ੍ਰਸਿੱਧ ਸੰਤੂਰ ਵਾਦਕ ਸ਼ਿਵ ਕੁਮਾਰ ਸ਼ਰਮਾ ਦੇ ਦੇਹਾਂਤ ਤੋਂ ਹਾਲੇ ਕਲਾ ਪ੍ਰੇਮੀ ਉੱਭਰ ਨਹੀਂ ਸਕੇ ਸਨ ਕਿ ਪ੍ਰਸਿੱਧ ਸੰਤੂਰ ਵਾਦਕ ਪੰਡਿਤ ਭਜਨ ਸੋਪੋਰੀ ਦਾ ਵੀ ਅੱਜ ਸ਼ਾਮ ਗੁਰੂਗ੍ਰਾਮ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 74 ਸਾਲਾਂ ਦੇ ਸਨ। ਉਨ੍ਹਾਂ ਦਾ ਜਨਮ ਸਾਲ 1948 ’ ਚ ਸ਼੍ਰੀ ਨਗਰ ’ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਭਜਨ ਲਾਲ ਸੋਪੋਰੀ ਸੀ ਤੇ ਉਨ੍ਹਾਂ ਦੇ ਪਿਤਾ ਪੰਡਿਤ ਐਸਐਨ ਸੋਪੋਰੀ ਵੀ ਇਕ ਸੰਤੂਰ ਵਾਦੀ ਸਨ।
ਭਜਨ ਲਾਲ ਸੋਪੋਰੀ ਨੇ ਘਰ ਤੋਂ ਹੀ ਉਨ੍ਹਾਂ ਦੇ ਦਾਦਾ ਐਸਸੀ ਸੋਪੋਰੀ ਅਤੇ ਪਿਤਾ ਐੱਸਐੱਨ ਸੋਪੋਰੀ ਤੋਂ ਸੰਤੂਰ ਦੀ ਵਿੱਦਿਆ ਹਾਸਲ ਕੀਤੀ ਸੀ। ਇਹ ਵੀ ਕਹਿ ਸਕਦੇ ਹਾਂ ਕਿ ਸੰਤੂਰ ਵਾਦਨ ਦੀ ਸਿੱਖਿਆ ਉਨ੍ਹਾਂ ਨੂੰ ਵਿਰਾਸਤ ’ਚ ਹੀ ਮਿਲੀ ਸੀ। ਦਾਦਾ ਤੇ ਪਿਤਾ ਤੋਂ ਉਨ੍ਹਾਂ ਨੇ ਗਾਇਨ ਸ਼ੈਲੀ ਤੇ ਵਾਦਨ ਸ਼ੈਲੀ ’ਚ ਸਿੱਖਿਆ ਹਾਸਿਲ ਕੀਤੀ ਸੀ। ਭਜਨ ਸੋਪੋਰੀ ਨੇ ਅੰਗਰੇਜ਼ੀ ਸਾਹਿਤ ’ਚ ਮਾਸਟਰ ਡਿਗਰੀ ਹਾਸਿਲ ਕੀਤੀ ਸੀ। ਇਸ ਉਪਰੰਤ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪੱਛਮੀ ਸ਼ਾਸਤਰੀ ਸੰਗੀਤ ਦਾ ਅਧਿਐਨ ਵੀ ਕੀਤਾ।
ਪਡਿੰਤ ਭਜਨ ਸੋਪੋਰੀ ਦਾ ਯੋਗਦਾਨ
ਸ਼੍ਰੀਨਗਰ ਦੇ ਰਹਿਣ ਵਾਲੇ ਪੰਡਿਤ ਭਜਨ ਲਾਲ ਸੋਪੋਰੀ ਦਾ ਸਬੰਧ ਸੂਫ਼ੀਆਨਾ ਘਰਾਣੇ ਨਾਲ ਹੈ। ਉਨ੍ਹਾਂ ਦੇ ਪਿਤਾ ਤੇ ਦਾਦਾ ਜੀ ਸੰਤੂਰ ਵਾਦਨ ’ਚ ਨਿਪੁੰਨ ਸਨ ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀ ਵਿਰਾਸਤ ਨੂੰ ਪੰਡਿਤ ਭਜਨ ਲਾਲ ਸੋਪੋਰੀ ਨੇ ਅੱਗੇ ਵਧਾਉਣ ਦਾ ਕੰਮ ਕੀਤਾ। ਪੰਡਿਤ ਭਜਨ ਸੋਪੋਰੀ ਨੇ ਇਕ ਐਲਬਮ ‘ਨਟ ਯੋਗ ਆਨ ਸੰਤੂਨ’ ਬਣਾਇਆ। ਇੰਨਾ ਹੀ ਨਹੀਂ ਪੰਡਿਤ ਸੋਪੋਰੀ ਸੋਪੋਰੀ ਅਕਾਦਮੀ ਫਾਰ ਮਿਊਜ਼ਿਕ ਐਂਡ ਪਰਫਾਰਮਿੰਗ ਆਟਰਸ ਦੇ ਸੰਸਥਾਪਕ ਵੀ ਹਨ। ਇਸ ਅਕਾਦਮੀ ਦਾ ਮੁੱਖ ਉਦੇਸ਼ ਸ਼ਾਸਤਰੀ ਸੰਗੀਤ ਨੂੰ ਉਤਸ਼ਾਹਿਤ ਕਰਨਾ ਹੈ।
ਪੰਡਿਤ ਸੋਪੋਰੀ ਦੀਆਂ ਉਪਲੱਬਧੀਆਂ
-ਸਾਲ 1993 ’ਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ
-ਸਾਲ 2004 ’ਚ ਪਦਮ ਸ਼੍ਰੀ ਸਨਮਾਨ
-ਸਾਲ 2009 ’ਚ ਬਾਬਾ ਅਲਾਦੀਨ ਖ਼ਾਨ ਪੁਰਸਕਾਰ
-ਸਾਲ 2011 ’ਚ ਐਸਐਨ ਮਾਥੁਰ ਸਨਮਾਨ
-ਸਾਲ 2016 ’ਚ ਜੰਮੂ-ਕਸ਼ਮੀਰ ਰਾਜ ਆਜੀਵਨ ਉਪਲੱਬਧੀ ਪੁਰਸਕਾਰ
ਇਨ੍ਹਾਂ ਰਾਗਾਂ ’ਚ ਕੀਤੀ ਰਚਨਾ
ਪੰਡਿਤ ਭਜਨ ਸੋਪੋਰੀ ਜੀ ਨੇ ਤਿੰਨ ਰਾਗਾਂ ਦੀ ਰਚਨਾ ਕੀਤੀ ਹੈ। ਇਨ੍ਹਾਂ ’ਚ ਰਾਗ ਲਾਲੇਸ਼ਵਰੀ, ਰਾਗ ਪਟਵੰਤੀ ਤੇ ਰਾਗ ਨਿਰਮਲ ਰੰਜਨੀ ਹੈ। ਸੋਪੋਰੀ ਨੇ ਦੇਸ਼ ’ਚ ਰਾਸ਼ਟਰੀ ਏਕਤਾ ਤੇ ਅਖੰਡਤਾ ਲਈ ਵੱਖ-ਵੱਖ ਗੀਤਾਂ ਦੀ ਫਿਰ ਤੋਂ ਧੁਨ ਤਿਆਰ ਕੀਤੀ ਹੈ। ਇਨ੍ਹਾਂ ’ਚ ‘ਕਦਮ-ਕਦਮ ਵਧਾਏ ਜਾ’, ‘ਸਰਫ਼ਰੋਸ਼ੀ ਕੀ ਤਮੰਨਾ’, ‘ਵਿਜਯ ਵਿਸ਼ਵ ਤਿਰੰਗਾ ਪਿਆਰਿਆ’, ‘ਹਮ ਹੋਂਗੇ ਕਾਮਯਾਬ’ ਆਦਿ ਮੁੱਖ ਹਨ।
