Punjab

ਹਰਿਆਣਾ ਸਰਕਾਰ ਨੇ ਲਖਬੀਰ ਸਿੰਘ ਦੀ ਪਤਨੀ ਦੇ ਖਾਤੇ ’ਚ ਪਾਈ 4.12 ਲੱਖ ਦੀ ਪਹਿਲੀ ਕਿਸ਼ਤ

ਝਬਾਲ – ਸਿੰਘੂ ਬਾਰਡਰ ’ਤੇ ਬੇਅਦਬੀ ਦੇ ਦੋਸ਼ ਹੇਠ ਕਤਲ ਕੀਤੇ ਗਏ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ ਨਿਵਾਸੀ ਲਖਬੀਰ ਸਿੰਘ ਟੀਟੂ ਦੇ ਪਰਿਵਾਰ ਵੱਲੋਂ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਪੰਜਾਬ ਦੇ ਚੇਅਰਮੈਨ ਪਰਮਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਦਿੱਤੀ ਦਰਖਾਸਤ ’ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਜਿਸਦੇ ਤਹਿਤ ਹਰਿਆਣਾ ਸਰਕਾਰ ਦੇ ਨਾਲ ਕੀਤੀ ਗੱਲਬਾਤ ਦੇ ਚਲਦਿਆਂ ਸਰਕਾਰ ਨੇ ਮਿ੍ਤਕ ਲਖਬੀਰ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਦੇ ਬੱਚਿਆਂ ਲਈ ਸਹਾਇਤਾ ਰਾਸ਼ੀ ਪ੍ਰਦਾਨ ਕਰ ਦਿੱਤੀ ਹੈ। ਜਿਸਦੀ ਪਹਿਲੀ ਕਿਸ਼ਤ ਦੇ ਤੌਰ ’ਤੇ ਜਸਪ੍ਰੀਤ ਕੌਰ ਦੇ ਬੈਂਕ ਖਾਤੇ ਵਿਚ 4 ਲੱਖ 12 ਹਜ਼ਾਰ 500 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ। ਪਰਿਵਾਰ ਨੇ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਚੇਅਰਮੈਨ ਪਰਮਜੀਤ ਸਿੰਘ ਕੈਂਥ ਅਤੇ ਰਾਸ਼ਟਰੀ ਐੱਸਸੀ ਕਮਿਸ਼ਨ ਦੇ ਚੇਅਰੈਮਨ ਵਿਜੇ ਸਾਂਪਲਾ ਦਾ ਧੰਨਵਾਦ ਕੀਤਾ ਹੈ।

ਵਿਜੇ ਸਾਂਪਲਾ ਨੇ ਦੱਸਿਆ ਕਿ ਪਰਿਵਾਰ ਲਈ ਸਭ ਤੋਂ ਪਹਿਲਾਂ 4 ਲੱਖ 12 ਹਜ਼ਾਰ 500 ਰੁਪਏ ਦੀ ਰਾਸ਼ੀ ਉਨ੍ਹਾਂ ਦੇ ਖਾਤੇ ’ਚ ਜੀਵਨ ਬਸਰ ਲਈ ਭੇਜੀ ਗਈ ਹੈ। ਇਸ ਤੋਂ ਬਾਅਦ ਇੰਨੀ ਹੋਰ ਰਾਸ਼ੀ ਵੀ ਪਰਿਵਾਰ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕੇਸ ਵਿਚ ਸਾਢੇ 8 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਤਹਿਤ ਇਹ ਅੱਧੀ ਰਕਮ ਉਨ੍ਹਾਂ ਦੇ ਖਾਤੇ ’ਚ ਭੇਜ ਦਿੱਤੀ ਗਈ ਹੈ ਤੇ ਬਾਕੀ ਦੀ ਰਕਮ ਵੀ ਚਲਾਨ ਪੇਸ਼ ਹੋਣ ਤੋਂ ਬਾਅਦ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਿ੍ਤਕ ਲਖਬੀਰ ਸਿੰਘ ਦੀਆਂ ਤਿੰਨ ਧੀਆਂ ਅਤੇ ਇਕ ਭਾਣਜੀ ਦੀ ਜਿਥੇ ਬੀਏ ਤਕ ਪੜ੍ਹਾਈ ਮੁਫ਼ਤ ਕਰਵਾਈ ਜਾਵੇਗੀ। ਉਥੇ ਉਸ ਦੀ ਪਤਨੀ ਜਸਪ੍ਰੀਤ ਕੌਰ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਵੀ ਦਿੱਤੀ ਜਾਵੇਗੀ। ਨੈਸ਼ਨਲ ਸ਼ਡਿਊਲ ਕਾਸਟ ਕਮਿਸ਼ਨ ਦੇ ਦਖਲ ਦੇਣ ਤੇ ਪਰਿਵਾਰ ਨੂੰ ਮਿਲੀ ਸਹਾਇਤਾ ਦਾ ਧੰਨਵਾਦ ਕਰਦਿਆਂ ਲਖਬੀਰ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਤੇ ਸਾਲੇ ਸੁਖਚੈਨ ਸਿੰਘ, ਸਹੁਰੇ ਬਲਦੇਵ ਸਿੰਘ ਅਤੇ ਲਖਬੀਰ ਦੀ ਭੈਣ ਰਾਜ ਕੌਰ ਨੇ ਕਿਹਾ ਕਿ ਇਸ ਰਾਸ਼ੀ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਰ ਬਸਰ ਚੱਲ ਸਕੇਗਾ।

Related posts

ਸਿੱਖ ਇਸ ਗੱਲ ਦਾ ਤਹੱਈਆ ਕਰਨ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ – ਜਥੇਦਾਰ ਕੁਲਦੀਪ ਸਿੰਘ ਗੜਗੱਜ

admin

ਅਰਬ ਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਸਹਾਇਤਾ ਲਈ ਹੌਟ-ਲਾਈਨ ਸਥਾਪਿਤ

admin

ਪੰਜਾਬ ਸਰਕਾਰ ਸ਼ਹੀਦ ਕਿਸਾਨ ਮਜਦੂਰਾਂ ਦੇ ਨਾਲ ਖੜ੍ਹੀ ਹੈ – ਗੁਰਮੀਤ ਸਿੰਘ ਖੁੱਡੀਆਂ

admin