ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੋਸ ਪ੍ਰਦਰਸ਼ਨ ਕਰ ਰਹੇ ਗੰਨਾ ਉਤਪਾਦਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਗੰਨੇ ਦਾ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਤੇ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।
ਸੁਖਬੀਰ ਨੇ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਹ ਵਾਅਦਾ ਆਪਣੇ ਚੋਣ ਮਨੋਰਥ ਵਿਚ ਵੀ ਸ਼ਾਮਲ ਕਰਨਗੇ।
ਉਨ੍ਹਾਂ 15 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਗੰਨਾ ਉਤਪਾਦਕਾਂ ਨਾਲ ਵੱਡਾ ਧੋਖਾ ਦੱਸਿਆ। ਬਾਦਲ ਨੇ ਕਿਹਾ ਕਿ ਜੇ ਸਰਕਾਰ ਨੇ ਗੰਨੇ ਦੀ ਯਕੀਨੀ ਸਰਕਾਰੀ ਖਰੀਦ ਕੀਮਤ ਵਿਚ 20 ਰੁਪਏ ਪ੍ਰਤੀ ਸਾਲ ਵਾਧਾ ਕੀਤਾ ਹੁੰਦਾ ਤਾਂ ਇਹ ਕੀਮਤ 380 ਰੁਪਏ ਪ੍ਰਤੀ ਕੁਇੰਟਲ ਹੁੰਦੀ ਜੋ ਕਿ ਗੰਨੇ ਲਈ ਸਹੀ ਕੀਮਤ ਹੁੰਦੀ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ 1000 ਕਰੋੜ ਰੁਪਏ ਦਾ ਘਾਟਾ ਪਿਆ ਹੈ।
ਉਨ੍ਹਾਂ ਕਿਹਾ ਕਿ ਗੁਆਂਢੀ ਸੂਬਾ ਸਰਕਾਰ ਗੰਨੇ ਲਈ 358 ਰੁਪਏ ਪ੍ਰਤੀ ਕੁਇੰਟਲ ਦਾ ਯਕੀਨੀ ਸਰਕਾਰੀ ਖਰੀਦ ਭਾਅ ਦੇ ਰਿਹਾ ਹੈ ਜੋ ਕਿ 30 ਤੋਂ 40 ਰੁਪਏ ਪ੍ਰਤੀ ਕੁਇੰਟਲ ਵੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਰੀ ਨਾਲ ਕੀਤੀ ਜਾਂਦੀ ਅਦਾਇਗੀ ’ਤੇ ਵਿਆਜ ਅਤੇ ਡੀਜ਼ਲ ’ਤੇ ਸੂਬੇ ਦੇ ਬਹੁਤ ਜ਼ਿਆਦਾ ਵੈਟ ਦਾ ਵੀ ਹਿਸਾਬ ਲਾਇਆ ਜਾਵੇ ਤਾਂ ਫਿਰ ਇਹ ਘਾਟਾ ਕਿਤੇ ਜ਼ਿਆਦਾ ਹੋਵੇਗਾ।
ਸੁਖਬੀਰ ਨੇ ਕਿਹਾ ਕਿ ਸ਼ੂੂਗਰਕੇਨ ਕੰਟਰੋਲ ਆਰਡਰ ਅਤੇ ਸ਼ੂਗਰਕੇਨ ਪਰਚੇਜ਼ ਐਂਡ ਰੈਗੂਲੇਸ਼ਨ ਐਕਟ ਦੇ ਕਲਾਜ਼ 3 (3) ਤਹਿਤ ਖੰਡ ਮਿੱਲਾਂ ਲਈ ਲਾਜ਼ਮੀ ਹੈ ਕਿ ਉਹ ਖਰੀਦ ਦੇ 14 ਦਿਨਾਂ ਦੇ ਅੰਦਰ-ਅੰਦਰ ਅਦਾਇਗੀ ਕਰਨ ਜਾਂ ਫਿਰ ਦੇਰੀ ਨਾਲ ਅਦਾਇਗੀ ’ਤੇ ਵਿਆਜ ਅਦਾ ਕਰਨ।