ਇੰਫਾਲ – ਮਣੀਪੁਰ ਦੇ ਜਿਰੀਬਾਮ ’ਚ ਐਤਵਾਰ ਨੂੰ ਸ਼ੱਕੀ ਕੁਕੀ ਅੱਤਵਾਦੀਆਂ ਦੇ ਹਮਲੇ ’ਚ ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀ.ਆਰ.ਪੀ.ਐੱਫ.) ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਸੀ.ਆਰ.ਪੀ.ਐੱਫ. ਦਾ ਇਕ ਜਵਾਨ ਅਤੇ ਮਣੀਪੁਰ ਪੁਲਿਸ ਦੇ 2 ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ਹੀਦ ਸੀ.ਆਰ.ਪੀ.ਐੱਫ. ਜਵਾਨ ਦੀ ਪਛਾਣ ਅਜੇ ਕੁਮਾਰ ਝਾਅ ਵਜੋਂ ਕੀਤੀ ਹੈ। ਸਾਰੇ ਜ਼ਖ਼ਮੀ ਜਵਾਨਾਂ ਦਾ ਇਲਾਜ ਜਿਰੀਬਾਮ ਹਸਪਤਾਲ ’ਚ ਕੀਤਾ ਗਿਆ।
ਸੇਈਜਾਂਗ ਕੁਕੀ ਪਿੰਡ ਦੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਐਤਵਾਰ ਸਵੇਰੇ ਇਕ ਵੱਡਾ ਹਮਲਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਮੈਤੇਈ ਪਿੰਡ ਅਤੇ ਸੁਰੱਖਿਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਕਿਹਾ ਕਿ ਸੀ.ਆਰ.ਪੀ.ਐੱਫ. ਕਰਮੀ ਦੇ ਸਿਰ ’ਤੇ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਵਾਹਨ ਚਲਾ ਰਿਹਾ ਸੀ। ਜਿਰੀਬਾਮ ਦੇ ਇਕ ਵਾਸੀ ਨੇ ਕਿਹਾ,’’ਜਿਸ ਤਰ੍ਹਾਂ ਹਮਲੇ ਕੀਤੇ ਗਏ, ਉਸ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀ ਆਧੁਨਿਕ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਸਨ। ਇਹ 5ਵੀਂ ਵਾਰ ਸੀ, ਜਦੋਂ ਉਸੇ ਖੇਤਰ ਤੋਂ ਹਮਲੇ ਕੀਤੇ ਗਏ ਅਤੇ ਖੇਤਰ ਦੀ ਖੋਜ ਦੀਆਂ ਕੋਸ਼ਿਸ਼ਾਂ ਨੂੰ ਕੁਕੀ ਔਰਤਾਂ ਨੇ ਰੋਕ ਦਿੱਤਾ। ਸੰਯੁਕਤ ਟੀਮ ਨੇ ਸੀ.ਆਰ.ਪੀ.ਐੱਫ. ਅਤੇ ਪੁਲਿਸ ਜਵਾਨਾਂ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।