Australia & New ZealandBreaking NewsLatest News

ਬੱਚਿਆਂ ਨੂੰ ਜਲਵਾਯੂ ਤਬਦੀਲੀ ਦੇ ਨੁਕਸਾਨ ਤੋਂ ਬਚਾਉਣ ਲਈ ਵਿਕਟੋਰੀਆ ਦੇ 92 ਚੋਣ ਉਮੀਦਵਾਰਾਂ ਨੇ ਲਿਆ ਪ੍ਰਣ

ਜਲਵਾਯੂ।

ਮੈਲਬੌਰਨ – ਵਿਕਟੋਰੀਆ ਵਿੱਚ ਨਵੰਬਰ ਦੀਆਂ ਚੋਣਾਂ ਲਈ ਮੈਦਾਨ ਵਿੱਚ ਉਤਰੇ 92 ਉਮੀਦਵਾਰਾਂ ਨੇ ਵਾਅਦਾ ਕੀਤਾ ਹੈ ਕਿ ਉਹ ਅਜਿਹਾ ਕਾਨੂੰਨ ਬਣਾਉਣ ਦਾ ਸਮਰਥਨ ਕਰਨਗੇ, ਜਿਸ ਨਾਲ ਸਰਕਾਰ ਨੂੰ ਜਲਵਾਯੂ ਤਬਦੀਲੀ ਕਾਰਨ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਣ ਵਾਲੇ ਨੁਕਸਾਨ ਲਈ ਜਵਾਬਦੇਹ ਬਣਾਇਆ ਜਾ ਸਕੇ। ਇਸ ਮੁਹਿੰਮ ਨੂੰ ‘ਡਿਊਟੀ ਆਫ਼ ਕੇਅਰ’ ਕਿਹਾ ਗਿਆ ਹੈ। ਇਸ ਤਹਿਤ ਸਰਕਾਰ ਨੂੰ ਆਪਣੇ ਫ਼ੈਸਲੇ ਲੈਂਦੇ ਸਮੇਂ ਬੱਚਿਆਂ ਦੀ ਸਿਹਤ, ਸੁਰੱਖਿਆ ਅਤੇ ਭਵਿੱਖ ਨੂੰ ਪਹਿਲ ਦੇਣੀ ਪਵੇਗੀ।

ਇਸ ਪ੍ਰਣ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਗ੍ਰੀਨਜ਼ ਦੀਆਂ ਵਿਧਾਇਕਾਂ ਐਲਨ ਸੈਂਡਲ ਅਤੇ ਗੈਬਰੀਏਲ ਡੀ ਵੀਟਰੀ, ਐਨੀਮਲ ਜਸਟਿਸ ਪਾਰਟੀ ਦੀ ਵਿਧਾਇਕਾ ਜੌਰਜੀ ਪਰਸਲ ਅਤੇ ਆਜ਼ਾਦ ਉਮੀਦਵਾਰ ਸੋਫੀ ਟੌਰਨੀ ਤੇ ਡਾ. ਲਾਚਲਨ ਮੈਕਕੀਮਨ ਸ਼ਾਮਲ ਹਨ। ਇਹ ਮੁਹਿੰਮ ਜਨਵਰੀ ਵਿੱਚ ਵਿਕਟੋਰੀਆ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ ਹੋਰ ਮਹੱਤਵਪੂਰਨ ਬਣ ਗਈ ਹੈ। ਇਨ੍ਹਾਂ ਅੱਗਾਂ ਨੇ 4 ਲੱਖ ਹੈਕਟੇਅਰ ਤੋਂ ਵੱਧ ਇਲਾਕਾ ਸਾੜ ਦਿੱਤਾ ਸੀ ਅਤੇ ਘੱਟੋ-ਘੱਟ 300 ਘਰ ਤਬਾਹ ਕਰ ਦਿੱਤੇ ਜਾਂ ਬੁਰੀ ਤਰ੍ਹਾਂ ਨੁਕਸਾਨੇ ਸਨ। ਆਸਟ੍ਰੇਲੀਆ ਦੀ ਬੀਮਾ ਕੌਂਸਲ ਨੇ ਇਨ੍ਹਾਂ ਅੱਗਾਂ ਨੂੰ ਵੱਡੀ ਤਬਾਹੀ ਵਾਲੀ ਘਟਨਾ ਐਲਾਨਿਆ ਸੀ। ਇਸ ਸਬੰਧੀ 2,600 ਤੋਂ ਵੱਧ ਬੀਮਾ ਦਾਅਵੇ ਦਰਜ ਹੋਏ ਸਨ।

2021 ਵਿੱਚ ਆਸਟ੍ਰੇਲੀਆ ਦੀ ਫੈਡਰਲ ਅਦਾਲਤ ਵਿੱਚ ਬੱਚਿਆਂ ਦੇ ਜਲਵਾਯੂ ਅਧਿਕਾਰਾਂ ਸਬੰਧੀ ਕੇਸ ਦੀ ਮੁੱਖ ਪਟੀਸ਼ਨਕਰਤਾ ਅੰਜਲੀ ਸ਼ਰਮਾ ਨੇ ਕਿਹਾ ਕਿ 2022 ਵਿੱਚ ਅਦਾਲਤ ਦੇ ਫ਼ੈਸਲੇ ਨੂੰ ਉਲਟਾਉਣ ਸਮੇਂ ਵੀ ਜਲਵਾਯੂ ਤਬਦੀਲੀ ਦੇ ਖ਼ਤਰੇ ਨੂੰ ਨਕਾਰਿਆ ਨਹੀਂ ਗਿਆ ਸੀ। ਉਨ੍ਹਾਂ ਮੁਤਾਬਕ, ਅਦਾਲਤ ਨੇ ਕਿਹਾ ਸੀ ਕਿ ਬੱਚਿਆਂ ਦੀ ਰੱਖਿਆ ਕਰਨਾ ਸਿਆਸਤਦਾਨਾਂ ਦੀ ਜ਼ਿੰਮੇਵਾਰੀ ਹੈ।

ਬੇਨਾਮਬਰਾ ਤੋਂ ਆਜ਼ਾਦ ਉਮੀਦਵਾਰ ਅਤੇ ਡਾਕਟਰ ਲਾਚਲਨ ਮੈਕਕੀਮਨ ਨੇ ਕਿਹਾ ਕਿ ਉਹ ਡਾਕਟਰ ਅਤੇ ਤਿੰਨ ਬੱਚਿਆਂ ਦੇ ਪਿਤਾ ਹਨ। ਜਨਵਰੀ ਦੀਆਂ ਅੱਗਾਂ ਦੌਰਾਨ ਉਹ ਖ਼ੁਦ ਵੀ ਅੱਗ ਬੁਝਾਉਣ ਵਾਲੇ ਦਸਤੇ ਨਾਲ ਮੌਜੂਦ ਸਨ। ਉਨ੍ਹਾਂ ਕਿਹਾ ਕਿ ਧੂੰਏਂ, ਗਰਮੀ ਅਤੇ ਆਫ਼ਤਾਂ ਕਾਰਨ ਪੈਦਾ ਹੋਣ ਵਾਲਾ ਤਣਾਅ ਬੱਚਿਆਂ ’ਤੇ ਲੰਮੇ ਸਮੇਂ ਤੱਕ ਅਸਰ ਪਾ ਸਕਦਾ ਹੈ। ਉਨ੍ਹਾਂ ਮੁਤਾਬਕ, ਸਰਕਾਰ ਦੇ ਅੱਜ ਦੇ ਫ਼ੈਸਲਿਆਂ ਦਾ ਸਭ ਤੋਂ ਲੰਮਾ ਅਸਰ ਬੱਚਿਆਂ ਨੇ ਹੀ ਝੱਲਣਾ ਹੈ, ਇਸ ਲਈ ਹਰ ਫ਼ੈਸਲੇ ਤੋਂ ਪਹਿਲਾਂ ਉਨ੍ਹਾਂ ਦੇ ਭਵਿੱਖ ਬਾਰੇ ਸੋਚਣਾ ਜ਼ਰੂਰੀ ਹੈ।

ਜੌਰਜੀ ਪਰਸਲ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਰੱਖਿਆ ਲਈ ਵਾਰ-ਵਾਰ ਸੰਘਰਸ਼ ਨਹੀਂ ਕਰਨਾ ਪੈਣਾ ਚਾਹੀਦਾ। ਉਨ੍ਹਾਂ ਮੁਤਾਬਕ, ਜਲਵਾਯੂ ਤਬਦੀਲੀ ਨਾਲ ਜੁੜੀਆਂ ਆਫ਼ਤਾਂ ਵਧਣ ਦੇ ਸਮੇਂ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹ ਪ੍ਰਣ 28 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਹੋਰ ਉਮੀਦਵਾਰਾਂ ਲਈ ਵੀ ਖੁੱਲ੍ਹਾ ਹੈ। ਮੁਹਿੰਮ ਦੇ ਪ੍ਰਬੰਧਕਾਂ ਨੇ ਸਾਰੇ ਉਮੀਦਵਾਰਾਂ ਨੂੰ ਇਸ ’ਤੇ ਦਸਤਖ਼ਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਭਵਿੱਖ ਦੀ ਚਿੰਤਾ ਕਰਨ ਵਾਲੇ ਹਰ ਉਮੀਦਵਾਰ ਨੂੰ ਇਸ ਵਚਨਬੱਧਤਾ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨਾ ਚਾਹੀਦਾ ਹੈ।

Related posts

ਬੁਸ਼ਲੈਂਡ ਸ਼ਾਇਰ ਦੀ ਕੁਦਰਤੀ ਖੂਬਸੂਰਤੀ ਦੇਖਣ ਦਾ ਮੌਕਾ

admin

Dining Out Holds Strong: Australians Continue to Support Hospitality !

admin

Supporting Safer And Stronger Multicultural Spaces

admin