Punjab

ਆਮ ਆਦਮੀ ਪਾਰਟੀ ਹੁਣ ਰਾਜਨੀਤਿਕ ਦਲ ਵਾਂਗ ਨਹੀਂ, ਧੋਖਾ ਖਾਧੇ ਪ੍ਰੇਮੀ ਵਾਂਗ ਵਰਤਾਅ ਕਰ ਰਹੀ ਹੈ : ਰਾਘਵ ਚੱਢਾ

ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰਾ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਦੇ ਹੋਏ।

ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਦੇ ਇਕ ਪ੍ਰਤੀਨਿਧਿਮੰਡਲ ਨੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਪ੍ਰਤੀਨਿਧਿਮੰਡਲ ਵਿੱਚ ਰਾਘਵ ਚੱਢਾ, ਸੰਦੀਪ ਪਾਠਕ, ਰਜਿੰਦਰ ਗੁਪਤਾ ਅਤੇ ਅਸ਼ੋਕ ਮਿੱਤਲ ਸ਼ਾਮਿਲ ਸਨ। ਪ੍ਰਤੀਨਿਧਿਮੰਡਲ ਨੇ ਰਾਸ਼ਟਰਪਤੀ ਨੂੰ ਸ਼ਿਕਾਇਤ ਕੀਤੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਖ਼ਿਲਾਫ਼ ਸਰਕਾਰੀ ਤੰਤਰ ਦਾ ਦੁਰਪਯੋਗ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਰਾਜਨੀਤਿਕ ਬਦਲੇ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਸ ਮੁਲਾਕਾਤ ਤੋਂ ਬਾਅਦ ਰਾਘਵ ਚੱਢਾ ਨੇ ਦੱਸਿਆ ਕਿ, “ਆਮ ਆਦਮੀ ਪਾਰਟੀ ਹੁਣ ਇੱਕ ਰਾਜਨੀਤਿਕ ਦਲ ਵਾਂਗ ਨਹੀਂ, ਸਗੋਂ “ਧੋਖਾ ਖਾਧੇ ਪ੍ਰੇਮੀ” ਵਾਂਗ ਵਰਤਾਅ ਕਰ ਰਹੀ ਹੈ। ਪਾਰਟੀ ਕੜਵਾਹਟ ਅਤੇ ਬਦਲੇ ਦੀ ਭਾਵਨਾ ਨਾਲ ਭਰੀ ਹੋਈ ਹੈ ਅਤੇ ਸੱਚਾਈ ਨੂੰ ਸਵੀਕਾਰ ਨਹੀਂ ਕਰ ਰਹੀ। ਜੋ ਪਾਰਟੀ ਪਹਿਲਾਂ ਖੁਦ ਰਾਜਨੀਤਿਕ ਬਦਲੇ ਦੇ ਦੋਸ਼ ਲਗਾਉਂਦੀ ਸੀ, ਅੱਜ ਉਹੀ ਇਸਦਾ ਸਭ ਤੋਂ ਜ਼ਹਿਰੀਲਾ ਰੂਪ ਅਪਣਾ ਰਹੀ ਹੈ। ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਸੰਵਿਧਾਨਕ ਪ੍ਰਕਿਰਿਆ ਤਹਿਤ ਦੋ-ਤਿਹਾਈ ਬਹੁਮਤ ਨਾਲ ਲਿਆ ਗਿਆ ਸੀ, ਫਿਰ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਅੱਜ ‘ਆਪ’ ਇੱਕ ਰਾਜਨੀਤਿਕ ਪਾਰਟੀ ਵਾਂਗ ਘੱਟ ਅਤੇ ਇੱਕ ਜਨੂੰਨੀ, ਤਿਆਗੇ ਹੋਏ “ਸਾਬਕਾ ਪ੍ਰੇਮੀ” ਵਾਂਗ ਵਿਵਹਾਰ ਕਰ ਰਹੀ ਹੈ- ਜੋ ਕੁੜੱਤਣ ਨਾਲ ਭਰਿਆ ਹੈ, ਬਦਲੇ ਦੀ ਭਾਵਨਾ ਰੱਖਦਾ ਹੈ ਅਤੇ ਅਤੀਤ ਨੂੰ ਭੁੱਲ ਕੇ ਅੱਗੇ ਵੱਧਣ ਵਿੱਚ ਅਸਮਰੱਥ ਹੈ। ਪੰਜਾਬ ਸਰਕਾਰ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ਵਿਰੁੱਧ ਖ਼ਤਰਨਾਕ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ। ‘ਆਪ’ ਵਰਕਰਾਂ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਵਿਸ਼ਵ ਕੱਪ ਜੇਤੂ ਹਰਭਜਨ ਸਿੰਘ ਦੇ ਘਰ ਦੇ ਬਾਹਰ “ਗੱਦਾਰ” ਤੱਕ ਲਿਖ ਦਿੱਤਾ। ਇਸ ਤੋਂ ਬਾਅਦ ਪੰਜਾਬ ਵਿੱਚ ਪਦਮਸ਼੍ਰੀ ਰਜਿੰਦਰ ਗੁਪਤਾ ਦੀ ਫੈਕਟਰੀ ਨੂੰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ। ‘ਆਪ’ ਨੇ ਸੰਦੀਪ ਪਾਠਕ ਵਿਰੁੱਧ ਇੱਕ ਬਦਨੀਤੀਪੂਰਨ ਅਤੇ ਮਨਘੜਤ ਐਫਆਈਆਰ ਵੀ ਦਰਜ ਕੀਤੀ, ਅਤੇ ਮੀਡੀਆ ਰਾਹੀਂ ਇਹ ਖ਼ਬਰ ਫੈਲਾਈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਵਿਜੀਲੈਂਸ ਬੋਰਡ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮਦਦ ਨਾਲ ਬਦਲਾ ਲੈਣ ਦੀ ਇੱਕ ਖ਼ਤਰਨਾਕ ਖੇਡ ਸ਼ੁਰੂ ਕੀਤੀ ਹੈ, ਪਰ ਨਤੀਜੇ ਭਿਆਨਕ ਹੋਣਗੇ। ਸੂਤਰਾਂ ਮੁਤਾਬਿਕ, ਮੈਂ ਇਨ੍ਹਾਂ ਦਾ ਅਗਲਾ ਨਿਸ਼ਾਨਾ ਹਾਂ। ਪੰਜਾਬ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਸਾਨੂੰ ਧਮਕੀਆਂ ਦੇਣ ਲਈ ਏਜੰਸੀਆਂ ਨੂੰ ਨਿਯੁਕਤ ਕੀਤਾ ਹੈ। ‘ਆਪ’ ਇਹ ਸਭ ਪੰਜਾਬ ਸਰਕਾਰ ਦੇ ਫੰਡਾਂ ਦੀ ਵਰਤੋਂ ਕਰਕੇ ਕਰ ਰਹੀ ਹੈ। ਇਸ ਲਈ ਮੈਂ ਕਿਹਾ ਕਿ ‘ਆਪ’ ਭ੍ਰਿਸ਼ਟ ਅਤੇ ਸਮਝੌਤਾ ਕਰਨ ਵਾਲੇ ਲੋਕਾਂ ਦੇ ਹੱਥਾਂ ਵਿੱਚ ਫਸ ਗਈ ਹੈ। ਮੈਂ ਅਧਿਕਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਤਿਕਾਰਯੋਗ ਅਧਿਕਾਰੀ ਹੋ। ਤਬਾਦਲੇ ਜਾਂ ਮੁਅੱਤਲੀ ਦੀਆਂ ਧਮਕੀਆਂ ਅੱਗੇ ਨਾ ਝੁਕੋ। ਕਾਨੂੰਨ ਮੁਤਾਬਕ ਅਤੇ ਰਾਸ਼ਟਰੀ ਹਿੱਤ ਵਿੱਚ ਕੰਮ ਕਰੋ।”

ਸੰਸਦ ਮੈਂਬਰ ਰਾਘਵ ਚੱਢਾ ਦੇ ਮੁਤਾਬਕ, ਰਾਸ਼ਟਰਪਤੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਅਤੇ ਲੋਕਤੰਤਰਿਕ ਫ਼ੈਸਲਿਆਂ ਦਾ ਸਤਿਕਾਰ ਕੀਤਾ ਜਾਵੇਗਾ।

Related posts

ਜੀਐਸਟੀ ਘੁਟਾਲਾ ਤੇ ਫਰਜ਼ੀ ਬਿਲਿੰਗ ਹੇਠ ਕੰਪਨੀ ਡਾਇਰੈਕਟਰ ਗ੍ਰਿਫਤਾਰ

admin

‘ਪੈਨਸ਼ਨ ਯੋਜਨਾ’ : ਅਸੰਗਠਿਤ ਖੇਤਰਾਂ ‘ਚ ਕੰਮ ਕਰਨ ਵਾਲਿਆਂ ਲਈ ਸੋਸ਼ਲ ਸਕਿਉਰਿਟੀ !

admin

ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਦਹਿਸ਼ਤ ਫੈਲੀ

admin