Punjab

ਪੰਜਾਬ ‘ਚ ਸਬਸਿਡੀ ਵਾਲੀ ਯੂਰੀਆ ਖਾਦ ਦਾ ਕਰੋੜਾਂ ਦਾ ਘਪਲਾ ਬੇਨਕਾਬ

ਯੂਰੀਆ ਖਾਦ।

ਚੰਡੀਗੜ੍ਹ – ਪੰਜਾਬ ਵਿੱਚ ਕਿਸਾਨਾਂ ਲਈ ਸਬਸਿਡੀ ‘ਤੇ ਮੁਹੱਈਆ ਕਰਵਾਈ ਜਾਣ ਵਾਲੀ ਯੂਰੀਆ ਖਾਦ ਦੀ ਕਥਿਤ ਗੈਰਕਾਨੂੰਨੀ ਵਰਤੋਂ ਦਾ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਖੇਤੀਬਾੜੀ ਵਿਭਾਗ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਪ੍ਰਾਈਵੇਟ ਕੰਪਨੀਆਂ ਨੇ ਕਿਸਾਨਾਂ ਲਈ ਭੇਜੀ ਜਾਣ ਵਾਲੀ ਸਬਸਿਡੀ ਵਾਲੀ ਯੂਰੀਆ ਖਾਦ ਨੂੰ ਨਵੇਂ ਲੇਬਲ ਲਗਾ ਕੇ ਮਾਰਕਫੈੱਡ ਅਤੇ ਮਿਲਕਫੈੱਡ ਦੀਆਂ ਕੈਟਲ ਫੀਡ ਫੈਕਟਰੀਆਂ ਨੂੰ ਸਪਲਾਈ ਕਰ ਦਿੱਤਾ।

ਕਿਸਾਨ ਆਗੂਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਖੇਤੀਬਾੜੀ ਵਿਭਾਗ ਨੇ ਮਾਰਕਫੈੱਡ ਅਤੇ ਮਿਲਕਫੈੱਡ ਦੀਆਂ ਚਾਰ ਕੈਟਲ ਫੀਡ ਫੈਕਟਰੀਆਂ ਤੋਂ ਯੂਰੀਆ ਦੇ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜੇ। ਲੈਬ ਰਿਪੋਰਟਾਂ ਵਿੱਚ ਪੁਸ਼ਟੀ ਹੋਈ ਕਿ ਜਿੱਥੇ ਟੈਕਨੀਕਲ ਗਰੇਡ ਯੂਰੀਆ ਵਰਤਿਆ ਜਾਣਾ ਸੀ, ਉੱਥੇ ਨੀਮ ਕੋਟਿੰਗ ਵਾਲੀ ਸਬਸਿਡੀ ਯੂਰੀਆ ਦੀ ਵਰਤੋਂ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ ਟੈਕਨੀਕਲ ਗਰੇਡ ਯੂਰੀਆ ਦੀ ਕੀਮਤ ਕਰੀਬ 61 ਰੁਪਏ ਪ੍ਰਤੀ ਕਿਲੋ ਹੈ ਅਤੇ ਇਸ ‘ਤੇ ਕੋਈ ਸਬਸਿਡੀ ਨਹੀਂ ਮਿਲਦੀ, ਜਦਕਿ ਕਿਸਾਨਾਂ ਨੂੰ ਮਿਲਣ ਵਾਲੀ ਨੀਮ ਕੋਟਿਡ ਸਬਸਿਡੀ ਯੂਰੀਆ ਦੀ ਕੀਮਤ ਸਿਰਫ਼ 5.91 ਰੁਪਏ ਪ੍ਰਤੀ ਕਿਲੋ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸਬਸਿਡੀ ਵਾਲੀ ਖਾਦ ਨੂੰ ਨਵੇਂ ਥੈਲਿਆਂ ਵਿੱਚ ਪੈਕ ਕਰਕੇ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ। ਜਾਂਚ ਦੌਰਾਨ ਮਿਲਕਫੈੱਡ ਦੀ ਖੰਨਾ ਫੈਕਟਰੀ ਵਿੱਚ 1,340 ਅਤੇ ਬਟਾਲਾ ਫੈਕਟਰੀ ਵਿੱਚ 1,740 ਬੈਗ ਕਥਿਤ ਟੈਕਨੀਕਲ ਗਰੇਡ ਯੂਰੀਆ ਦੇ ਮਿਲੇ। ਨਮੂਨਿਆਂ ਦੀ ਜਾਂਚ ਵਿੱਚ ਇਹ ਨੀਮ ਕੋਟਿਡ ਸਬਸਿਡੀ ਯੂਰੀਆ ਸਾਬਤ ਹੋਈ। ਇਸੇ ਤਰ੍ਹਾਂ ਮਾਰਕਫੈੱਡ ਦੀ ਕਪੂਰਥਲਾ ਫੈਕਟਰੀ ਤੋਂ 300 ਬੈਗ ਅਤੇ ਗਿੱਦੜਬਾਹਾ ਫੈਕਟਰੀ ਤੋਂ 380 ਬੈਗ ਸ਼ੱਕੀ ਯੂਰੀਆ ਦੇ ਮਿਲੇ, ਜਿਨ੍ਹਾਂ ਦੇ ਨਮੂਨੇ ਵੀ ਜਾਂਚ ਲਈ ਭੇਜੇ ਗਏ। ਖੇਤੀਬਾੜੀ ਵਿਭਾਗ ਨੇ ਜਾਂਚ ਦੌਰਾਨ ਇਹ ਵੀ ਪਾਇਆ ਕਿ ਕਈ ਥੈਲਿਆਂ ‘ਤੇ ਨਿਰਮਾਤਾ ਕੰਪਨੀ, ਬੈਚ ਨੰਬਰ ਅਤੇ ਹੋਰ ਲਾਜ਼ਮੀ ਵੇਰਵੇ ਦਰਜ ਨਹੀਂ ਸਨ।

Related posts

31 ਮਈ ਤੱਕ ਸਰਕਾਰੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਨਾ ਛੱਡੇ ਤਾਂ ਚੱਲੇਣਗੇ ਬੁਡੋਜ਼ਰ – ਭਗਵੰਤ ਮਾਨ

Bunty

ਸਰਕਾਰਾਂ ਦੀ ਝਾਕ ਛੱਡ ਕੇ ਲੋਕਾਂ ਨੂੰ ਖ਼ੁਦ ਇਕਜੁੱਟ ਹੋਣ ਦੀ ਲੋੜ – ਜਥੇਦਾਰ ਗੜਗੱਜ

admin

ਨੰਗਲ ਸ਼ਹਿਰ ਦੀ ਪੁਰਾਣੀ ਦਿੱਖ ਹੋਵੇਗੀ ਮੁੜ ਬਹਾਲ: ਹਰਜੋਤ ਸਿੰਘ ਬੈਂਸ

Bunty