Punjab

ਪਾਕਿਸਤਾਨ ‘ਚ 125 ਸਾਲ ਪੁਰਾਣਾ ਗੁਰਦੁਆਰਾ ਢਾਹੇ ਜਾਣ ਦੀ ਕੋਸ਼ਿਸ਼ ਬੇਹੱਦ ਮੰਦਭਾਗੀ – ਅਕਾਲੀ ਦਲ ਪੁਨਰ ਸੁਰਜੀਤ

ਸ਼੍ਰੋਮਣੀ ਅਕਾਲੀ ਦਲ ਪੁਨਰ–ਸੁਰਜੀਤ।

ਪਾਕਿਸਤਾਨ ਵਿਚ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਇਮਾਰਤ ਨੂੰ ਭੂ-ਮਾਫੀਆ ਵੱਲੋਂ ਢਾਹੇ ਜਾਣ ਦੀ ਕੋਸ਼ਿਸ਼ ਬੇਹੱਦ ਮੰਦਭਾਗੀ ਅਤੇ ਵਿਸ਼ਵ ਭਰ ਦੇ ਸਿੱਖ ਹਿਰਦਿਆਂ ਨੂੰ ਵਲੂੰਧਰਨ ਵਾਲੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਤਿਹਾਸਕ ਕਸਬੇ ਫਾਰੂਖਾਬਾਦ (ਮੰਡੀ ਚੂੜਕਾਣਾ) ਵਿਖੇ ਸਥਿਤ ਇਸ ਮਹਾਨ ਸਿੱਖ ਧਰੋਹਰ ‘ਤੇ ਸਥਾਨਕ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਨਾਲ ਚੱਲਿਆ ਪੀਲਾ ਪੰਜਾ ਸਿੱਖ ਕੌਮ ਦੀਆਂ ਭਾਵਨਾਵਾਂ ‘ਤੇ ਸਿੱਧਾ ਹਮਲਾ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।

ਇਹ ਗੁਰਦੁਆਰਾ ਸਾਹਿਬ ਕੋਈ ਆਮ ਇਮਾਰਤ ਨਹੀਂ ਹੈ, ਬਲਕਿ ਇਸ ਦਾ ਸਬੰਧ ਸਿੱਖ ਪੰਥ ਦੇ ਮਹਾਨ ਜਰਨੈਲ ਜਥੇਦਾਰ ਕਰਤਾਰ ਸਿੰਘ ਝੱਬਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ 1912 ਵਿੱਚ ਚੂਹੜਕਾਣਾ ਵਿਖੇ ਖਾਲਸਾ ਦੀਵਾਨ ਖਰਾ ਸੌਦਾ ਬਾਰ ਦਾ ਗਠਨ ਕੀਤਾ ਸੀ, ਜਿਸ ਦੇ ਅਧੀਨ 1918 ਵਿੱਚ ਭਾਈ ਮੂਲ ਸਿੰਘ ਗੁਰਮੁਲਾ ਵੱਲੋਂ ਖਰੀਦੀ 13 ਕਨਾਲ ਜ਼ਮੀਨ ‘ਤੇ ਇਸ ਗੁਰਦੁਆਰਾ ਸਾਹਿਬ ਅਤੇ ਮਿਡਲ ਸਕੂਲ ਦੀ ਸਥਾਪਨਾ ਕੀਤੀ ਗਈ ਸੀ। ਅੱਜ ਵੀ ਇਸ ਇਮਾਰਤ ‘ਤੇ ਉਕਰੇ ਗੁਰਮੁਖੀ ਦੇ ਅੱਖਰ ਸਾਡੇ ਸ਼ਾਨਾਮੱਤੇ ਇਤਿਹਾਸ ਅਤੇ 1947 ਦੀ ਵੰਡ ਦੇ ਦਰਦ ਦੀ ਗਵਾਹੀ ਭਰਦੇ ਹਨ।
ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿ ਸਾਲ 1960 ਵਿੱਚ ਪਾਕਿਸਤਾਨ ਸਰਕਾਰ ਵੱਲੋਂ ਇਹ ਜਗ੍ਹਾ ਭਾਰਤ ਤੋਂ ਗਏ ਸ਼ਰਨਾਰਥੀਆਂ ਨੂੰ ਰਹਿਣ ਲਈ ਅਲਾਟ ਕਰਦੇ ਸਮੇਂ ਮੂਲ ਢਾਂਚੇ ਨਾਲ ਛੇੜਛਾੜ ਨਾ ਕਰਨ ਦੀ ਸਖ਼ਤ ਸ਼ਰਤ ਲਗਾਈ ਗਈ ਸੀ, ਫਿਰ ਵੀ ਪਿਛਲੇ ਕੁਝ ਸਾਲਾਂ ਤੋਂ ਭੂ-ਮਾਫੀਆ ਦੀ ਅੱਖ ਇਸ ਕੀਮਤੀ ਜ਼ਮੀਨ ‘ਤੇ ਟਿਕੀ ਹੋਈ ਹੈ। ਚਾਰ ਸਾਲ ਪਹਿਲਾਂ ਇਸ ਦਾ ਮੁੱਖ ਗੁੰਬਦ ਤੋੜਿਆ ਗਿਆ ਅਤੇ ਹੁਣ ਪੂਰੀ ਇਮਾਰਤ ਨੂੰ ਨਿਸਤਨਾਬੂਦ ਕਰਨ ਦੀ ਸਾਜ਼ਿਸ਼ ਰਚੀ ਗਈ। ਅਸੀਂ ਸਥਾਨਕ ਸਿੱਖ ਸੰਗਤ ਅਤੇ ਐਕਟਿਵਿਸਟਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਸਖ਼ਤ ਵਿਰੋਧ ਦਰਜ ਕਰਵਾਇਆ ਅਤੇ ਮਾਫੀਆ ਨੂੰ ਭੱਜਣ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਮਾਰਤ ਨੂੰ ਸੀਲ ਕੀਤਾ।

ਪਰ ਇਸ ਪੂਰੇ ਘਟਨਾਕ੍ਰਮ ਨੇ ਪਾਕਿਸਤਾਨ ਵਿਚਲੀਆਂ ਸਿੱਖ ਸੰਸਥਾਵਾਂ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਸਿੱਖਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਇਵੈਕਿਊਏਸ਼ਨ ਟਰੱਸਟ ਪ੍ਰਾਪਰਟੀ ਬੋਰਡ (ETPB) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਨੇ ਕੋਈ ਠੋਸ ਕਦਮ ਕਿਉਂ ਨਹੀਂ ਚੁੱਕੇ? ਇਨ੍ਹਾਂ ਸੰਸਥਾਵਾਂ ਦੀ ਢਿੱਲ-ਮੱਠ ਕਾਰਨ ਹੀ ਭੂ-ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹੋਏ ਹਨ।

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਕਿਸਤਾਨ ਸਰਕਾਰ, ਉੱਥੋਂ ਦੇ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦਾ ਹੈ ਕਿ ਇਸ ਮੰਦਭਾਗੀ ਘਟਨਾ ਦੇ ਦੋਸ਼ੀ ਭੂ-ਮਾਫੀਆ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਇਮਾਰਤ ਨੂੰ ਮੁੜ ਸੁਰੱਖਿਅਤ ਕਰਕੇ ਇਸ ਦੀ ਪੁਰਾਤਨ ਦਿੱਖ ਨੂੰ ਬਹਾਲ ਕੀਤਾ ਜਾਵੇ। ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਗੰਭੀਰ ਮਾਮਲੇ ਨੂੰ ਪਾਕਿਸਤਾਨ ਸਰਕਾਰ ਕੋਲ ਉਠਾਉਣ ਤਾਂ ਜੋ ਉੱਥੇ ਮੌਜੂਦ ਸਾਡੀਆਂ ਇਤਿਹਾਸਕ ਸਿੱਖ ਧਰੋਹਰਾਂ ਅਤੇ ਘੱਟਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

Related posts

ਪੰਜਾਬ ਟਰਾਂਸਪੋਰਟ ਵਿਭਾਗ ਨੇ ਪੰਜ ਮਹੀਨਿਆਂ ‘ਚ 1008 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਜੁਟਾਇਆ: ਲਾਲਜੀਤ ਸਿੰਘ ਭੁੱਲਰ

Bunty

ਟੀਚਰ ਵਲੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ‘ਤੇ ਵਿਦਿਆਰਥਣ ਵਲੋਂ ਹੋਸਟਲ ‘ਚ ਖੁਦਕਸ਼ੀ

admin

ਨਰੈਣ ਸਿੰਘ ਚੌੜਾ ਦੀ ਅਗਲੀ ਸੁਣਵਾਈ 19 ਨੂੰ ਹੋਵੇਗੀ !

admin