Breaking NewsLatest NewsPunjab

ਆਸਟ੍ਰੇਲੀਆ ਦੀ ਥਾਂ ਠੱਗ ਏਜੰਟਾਂ ਨੇ 34 ਨੌਜਵਾਨਾਂ ਨੂੰ ਟਿਮੋਰ-ਲੇਸਟੇ ਲਿਜਾ ਕੇ ਸੁੱਟ ਦਿੱਤਾ

ਏਅਰਲਾਈਨ।

ਚੰਡੀਗੜ੍ਹ – ਵਿਦੇਸ਼ ਜਾ ਕੇ ਚੰਗਾ ਭਵਿੱਖ ਬਣਾਉਣ ਦਾ ਸੁਪਨਾ ਪੰਜਾਬ ਦੇ ਕਈ ਪਰਿਵਾਰਾਂ ਲਈ ਹੁਣ ਮੁਸੀਬਤ ਬਣਦਾ ਜਾ ਰਿਹਾ ਹੈ। ਆਸਟ੍ਰੇਲੀਆ ਵਿੱਚ ਰੁਜ਼ਗਾਰ ਦਾ ਸੁਪਨਾ ਲੈ ਕੇ ਵਿਦੇਸ਼ ਗਏ ਪੰਜਾਬ ਦੇ 33 ਅਤੇ ਰਾਜਸਥਾਨ ਦੇ ਇੱਕ ਨੌਜਵਾਨ ਸਮੇਤ 34 ਨੌਜਵਾਨਾਂ ਦੇ ਟਿਮੋਰ-ਲੇਸਟੇ ਵਿੱਚ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਪਿਛਲੇ ਕਰੀਬ 5 ਤੋਂ 6 ਮਹੀਨਿਆਂ ਤੋਂ ਤਿਮੋਰ-ਲੇਸਤੇ ਵਿੱਚ ਫਸੇ ਹੋਏ ਹਨ। ਪਰਿਵਾਰਾਂ ਮੁਤਾਬਕ ਉਨ੍ਹਾਂ ਨੇ ਨੌਜਵਾਨਾਂ ਨੂੰ ਆਸਟ੍ਰੇਲੀਆ ਭੇਜਣ ਦੇ ਵਾਅਦੇ ’ਤੇ ਏਜੰਟਾਂ ਨੂੰ ਲੱਖਾਂ ਰੁਪਏ ਦਿੱਤੇ ਸਨ।

ਪਰਿਵਾਰਾਂ ਮੁਤਾਬਕ ਏਜੰਟਾਂ ਨੇ ਹਰ ਪਰਿਵਾਰ ਤੋਂ 5 ਤੋਂ 11 ਲੱਖ ਰੁਪਏ ਤੱਕ ਲਏ। ਅੱਠ ਪਰਿਵਾਰਾਂ ਵੱਲੋਂ ਕੁੱਲ ਕਰੀਬ 3 ਕਰੋੜ ਰੁਪਏ ਦਿੱਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਪੈਸਾ ਇਕੱਠਾ ਕਰਨ ਲਈ ਕਿਸੇ ਨੇ ਘਰ ਜਾਂ ਜ਼ਮੀਨ ਗਿਰਵੀ ਰੱਖੀ ਅਤੇ ਕਿਸੇ ਨੇ ਗਹਿਣੇ ਵੇਚੇ ਜਾਂ ਕਰਜ਼ਾ ਲਿਆ। ਉਨ੍ਹਾਂ ਨੂੰ ਉਮੀਦ ਸੀ ਕਿ ਨੌਜਵਾਨ ਆਸਟ੍ਰੇਲੀਆ ਪਹੁੰਚ ਕੇ ਕੰਮ ਕਰਨਗੇ ਅਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਰੇਗੀ। ਪੀੜਤ ਪਰਿਵਾਰਾਂ ਅਨੁਸਾਰ ਨੌਜਵਾਨਾਂ ਨੂੰ ਪਹਿਲਾਂ ਭਾਰਤ ਤੋਂ ਇੰਡੋਨੇਸ਼ੀਆ ਦੇ ਬਾਲੀ ਅਤੇ ਫਿਰ ਮਲੇਸ਼ੀਆ ਰਾਹੀਂ ਟਿਮੋਰ-ਲੇਸਟੇ ਲਿਜਾਇਆ ਗਿਆ। ਪਰਿਵਾਰਾਂ ਦਾ ਦੋਸ਼ ਹੈ ਕਿ ਤਿਮੋਰ-ਲੇਸਤੇ ਪਹੁੰਚਣ ਤੋਂ ਬਾਅਦ ਨੌਜਵਾਨਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਇੱਕ ਥਾਂ ’ਤੇ ਰੱਖਿਆ ਗਿਆ। ਪਰਿਵਾਰਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਨੌਜਵਾਨਾਂ ਨੂੰ ਡਰਾਇਆ-ਧਮਕਾਇਆ ਗਿਆ, ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਕੰਮ ਕਰਵਾਇਆ ਗਿਆ ਅਤੇ ਕੰਮ ਦੀ ਪੂਰੀ ਮਜ਼ਦੂਰੀ ਨਹੀਂ ਦਿੱਤੀ ਗਈ। ਲੋੜੀਂਦਾ ਖਾਣਾ ਨਾ ਮਿਲਣ ਦੇ ਦੋਸ਼ ਵੀ ਲਗਾਏ ਗਏ ਹਨ।

ਨੌਜਵਾਨਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਸਪੋਰਟ ਵਾਪਸ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ। ਪਰਿਵਾਰਾਂ ਮੁਤਾਬਕ ਸਥਾਨਕ ਪੁਲਿਸ ਨੇ ਵਿਜੈ ਨਾਮਕ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਹੁਣ ਤੱਕ 10 ਨੌਜਵਾਨ ਆਪਣੇ ਪੱਧਰ ’ਤੇ ਖਰਚਾ ਕਰਕੇ ਭਾਰਤ ਵਾਪਸ ਆ ਚੁੱਕੇ ਹਨ, ਜਦਕਿ ਬਾਕੀ ਨੌਜਵਾਨਾਂ ਦੀ ਵਾਪਸੀ ਲਈ ਪਰਿਵਾਰ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੇ ਹਨ। ਪਰਿਵਾਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਟਿਮੋਰ-ਲੇਸਟੇ ਵਿੱਚ ਫਸੇ ਨੌਜਵਾਨਾਂ ਵਿੱਚ ਮੋਗਾ ਦੇ 8 ਨੌਜਵਾਨ, ਜਲੰਧਰ ਦੇ 7, ਫਿਰੋਜ਼ਪੁਰ ਦੇ 6, ਲੁਧਿਆਣਾ ਦੇ 5, ਫਾਜ਼ਿਲਕਾ ਦੇ 2, ਤਰਨਤਾਰਨ, ਕਪੂਰਥਲਾ, ਪਟਿਆਲਾ ਅਤੇ ਜਲਾਲਾਬਾਦ ਦਾ ਇੱਕ-ਇੱਕ ਨੌਜਵਾਨ ਅਤੇ ਰਾਜਸਥਾਨ ਦਾ ਇੱਕ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ।

ਮਦਦ ਲਈ ਪੀੜਤ ਪਰਿਵਾਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਹੈ। ਪਰਿਵਾਰਾਂ ਨੇ ਵੀਡੀਓ ਕਾਲ ਰਾਹੀਂ ਆਪਣੀ ਸਮੱਸਿਆ ਦੱਸੀ ਅਤੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਮਦਦ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਕਾਰਵਾਈ ਸ਼ੁਰੂ ਕਰਨ ਦੀ ਗੱਲ ਸਾਹਮਣੇ ਆਈ ਹੈ।

ਇਹ ਮਾਮਲਾ ਸਿਰਫ਼ 34 ਨੌਜਵਾਨਾਂ ਦੀ ਮੁਸ਼ਕਲ ਨਹੀਂ ਹੈ, ਸਗੋਂ ਪੰਜਾਬ ਵਿੱਚ ਵਿਦੇਸ਼ ਜਾਣ ਦੀ ਵਧ ਰਹੀ ਦੌੜ ਅਤੇ ਏਜੰਟਾਂ ਦੇ ਜਾਲ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਕਈ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਿੰਦਗੀ ਭਰ ਦੀ ਕਮਾਈ, ਜ਼ਮੀਨ ਅਤੇ ਘਰ ਤੱਕ ਦਾਅ ’ਤੇ ਲਗਾ ਦਿੰਦੇ ਹਨ। ਜਦੋਂ ਵਿਦੇਸ਼ ਜਾਣ ਦਾ ਰਸਤਾ ਗਲਤ ਏਜੰਟਾਂ ਦੇ ਹੱਥ ਵਿੱਚ ਚਲਾ ਜਾਂਦਾ ਹੈ ਤਾਂ ਪਰਿਵਾਰਾਂ ਨੂੰ ਵੱਡੀ ਆਰਥਿਕ ਅਤੇ ਮਾਨਸਿਕ ਕੀਮਤ ਚੁਕਾਉਣੀ ਪੈਂਦੀ ਹੈ। ਹੁਣ ਇਨ੍ਹਾਂ ਪਰਿਵਾਰਾਂ ਦੀ ਸਭ ਤੋਂ ਵੱਡੀ ਉਮੀਦ ਸਰਕਾਰ ਤੋਂ ਹੈ ਕਿ ਟਿਮੋਰ-ਲੇਸਟੇ ਵਿੱਚ ਫਸੇ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ।

Related posts

ਤੀਜੇ ਅਤੇ ਚੌਥੇ ਪਾਤਸ਼ਾਹ ਜੀ ਨਾਲ ਸਬੰਧਤ ਸ਼ਤਾਬਦੀ ਦਿਹਾੜੇ ਕੌਮੀ ਜਾਹੋ ਜਲਾਲ ਨਾਲ ਮਨਾਏ ਜਾਣਗੇ- ਭਾਈ ਮਹਿਤਾ

Bunty

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ

admin

ਮਾਰਚ 2022 ਦੌਰਾਨ ਪੀ.ਆਰ.ਟੀ.ਸੀ. ਦੀ ਆਮਦਨ ਵੱਧ ਕੇ ਦੁੱਗਣੀ ਹੋ ਗਈ – ਲਾਲਜੀਤ ਸਿੰਘ ਭੁੱਲਰ

Bunty