ਮੈਲਬੌਰਨ – ਵਿਕਟੋਰੀਆ ਵਿੱਚ ਦੰਦਾਂ ਦੀ ਐਮਰਜੈਂਸੀ ਸੇਵਾ ਨੂੰ ਵਧਾਉਣ ਲਈ ਲੇਬਰ ਸਰਕਾਰ ਨੇ 10 ਮੌਜੂਦਾ ਸਰਕਾਰੀ ਡੈਂਟਲ ਕਲੀਨਿਕ ਵੀਕਐਂਡ ’ਤੇ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਸੇਵਾ ਐਮਰਜੈਂਸੀ ਮਾਮਲਿਆਂ, ਜਿਵੇਂ ਕਿ ਦੰਦਾਂ ਵਿੱਚ ਤੇਜ਼ ਦਰਦ ਅਤੇ ਦੰਦ ਟੁੱਟਣ ਆਦਿ ਲਈ ਹੋਵੇਗੀ।
ਮੁੱਖ ਮੰਤਰੀ ਬੈਨ ਕੈਰੋਲ ਦੀ ਅਗਵਾਈ ਹੇਠ ਮੁੜ ਚੁਣੀ ਜਾਣ ਵਾਲੀ ਲੇਬਰ ਸਰਕਾਰ ਨੇ ਇਸ ਯੋਜਨਾ ਲਈ 26.9 ਮਿਲੀਅਨ ਡਾਲਰ ਖਰਚਣ ਦਾ ਐਲਾਨ ਕੀਤਾ ਹੈ। ਇਸ ਨਾਲ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਸਰਕਾਰ ਮੁਤਾਬਕ ਇਸ ਸਮੇਂ ਵੀਕਐਂਡ ਦੌਰਾਨ ਸਰਕਾਰੀ ਐਮਰਜੈਂਸੀ ਡੈਂਟਲ ਸੇਵਾ ਲਈ ਸਿਰਫ਼ ਮੈਲਬੌਰਨ ਦਾ ਰਾਇਲ ਡੈਂਟਲ ਹਸਪਤਾਲ ਖੁੱਲ੍ਹਾ ਹੁੰਦਾ ਹੈ। ਇਸ ਕਾਰਨ ਕਈ ਲੋਕਾਂ ਨੂੰ ਸੋਮਵਾਰ ਤੱਕ ਉਡੀਕ ਕਰਨੀ ਪੈਂਦੀ ਹੈ ਜਾਂ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਜਾਣਾ ਪੈਂਦਾ ਹੈ।
ਇਨ੍ਹਾਂ 10 ਥਾਵਾਂ ’ਤੇ ਖੁੱਲ੍ਹਣਗੇ ਕਲੀਨਿਕ:
- ਰਿੰਗਵੁੱਡ ਈਸਟ – EACH
- ਬਾਕਸ ਹਿੱਲ – HealthAbility
- ਸਨਬਰੀ – Sunbury Cobaw Community Health Centre
- ਬਰਵਿਕ – Monash Health
- ਸਪਰਿੰਗਵੇਲ – Monash Health
- ਹੌਪਰਜ਼ ਕਰਾਸਿੰਗ – IPC
- ਬੇਅਰਂਸਡੇਲ – Bairnsdale Regional Health
- ਵਾਂਗਰਾਟਾ – Northeast Health
- ਸੀਮੋਰ – Seymour Health
- ਹੌਰਸ਼ਮ – Grampians Health
ਇਸ ਤੋਂ ਇਲਾਵਾ, ਲੇਬਰ ਸਰਕਾਰ ਨੇ ਵਿਕਟੋਰੀਆ ਵਿੱਚ 20 ਮੁਫ਼ਤ ਡੈਂਟਲ ਕਲੀਨਿਕ ਖੋਲ੍ਹਣ ਦਾ ਵੀ ਵਾਅਦਾ ਕੀਤਾ ਹੈ। ਇਨ੍ਹਾਂ ਵਿੱਚੋਂ 14 ਮੈਲਬੌਰਨ ਅਤੇ ਛੇ ਖੇਤਰੀ ਇਲਾਕਿਆਂ ਵਿੱਚ ਹੋਣਗੇ। ਇਨ੍ਹਾਂ ਕਲੀਨਿਕਾਂ ਵਿੱਚ ਲੋਕ ਬਿਨਾਂ ਫੀਸ ਦੇ ਦੰਦਾਂ ਦੀ ਜਾਂਚ, ਫਿਲਿੰਗ, ਰੂਟ ਕੈਨਾਲ ਅਤੇ ਦੰਦ ਕਢਵਾਉਣ ਵਰਗੀਆਂ ਸੇਵਾਵਾਂ ਲੈ ਸਕਣਗੇ। ਸਰਕਾਰ ਨੇ ਸਰਕਾਰੀ ਡੈਂਟਲ ਸਿਸਟਮ ਵਿੱਚ ਹੋਰ ਡਾਕਟਰ ਲਿਆਉਣ ਲਈ ਸਾਈਨ-ਆਨ ਬੋਨਸ ਦੇਣ ਦਾ ਵੀ ਐਲਾਨ ਕੀਤਾ ਹੈ।
ਮੁੱਖ ਮੰਤਰੀ ਬੈਨ ਕੈਰੋਲ ਨੇ ਕਿਹਾ ਕਿ ਦੰਦਾਂ ਦੀ ਐਮਰਜੈਂਸੀ ਸਮੇਂ ਲੋਕਾਂ ਨੂੰ ਲੰਮਾ ਸਫ਼ਰ ਜਾਂ ਲੰਮੀ ਉਡੀਕ ਨਹੀਂ ਕਰਨੀ ਚਾਹੀਦੀ।
ਸਿਹਤ ਮੰਤਰੀ ਇੰਗ੍ਰਿਡ ਸਟਿੱਟ ਨੇ ਕਿਹਾ ਕਿ ਵੀਕਐਂਡ ’ਤੇ ਕਲੀਨਿਕ ਖੋਲ੍ਹਣ ਨਾਲ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇਗਾ।
