Articles

ਦੁਨੀਆ ਦੀ ਤਾਰੀਖ਼ ਦਾ ਸਭ ਤੋ ਵੱਡਾ ਝੂਠ ਤੇ ਮਜ਼੍ਹਬੀ ਦੁਖਾਂਤ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਖੁਲ੍ਹੇਆਮ ਅਵਾਰਾ ਘੁੰਮਣ ਫਿਰਨ ਨੂੰ ਅਜ਼ਾਦੀ ਨਹੀਂ ਕਹਿਂਦੇ ਬਲਕਿ ਅਜ਼ਾਦੀ ਉਹ ਹੁੰਦੀ ਹੈ ਜਦੋਂ ਕੋਈ ਵਿਅਕਤੀ ਜਾਂ ਕੌਮ ਮਾਨਸਿਕ ਤੌਰ ‘ਤੇ ਅਜਾਦ ਹੋਵੇ ਤੇ ਆਪਣੇ ਮਨੋਭਾਵਾਂ ਦਾ ਪਰਗਟਾਵਾ ਬਿਨਾ ਕਿਸੇ ਬਾਹਰੀ ਡਰ ਜਾਂ ਦਬਾਅ ਦੇ ਕਰ ਸਕੇ । ਅਜਾਦੀ ਉਹ ਵੀ ਹੁੰਦੀ ਹੈ, ਜਦੋ ਸਭ ਆਪਸ ਵਿਚ ਮਿਲ ਬੈਠਣ, ਬਿਨਾ ਕਿਸੇ ਭਿੰਨ ਭੇਦ ਦੇ ਵਿਚਰ ਸਕਣ, ਮਜ੍ਹਬਾਂ ਤੇ ਜਾਤਾਂ ਗੋਤਾਂ ਦਾ ਜਾਂ ਫਿਰ ਅਮੀਰ ਤੇ ਗਰੀਬ, ਤਕੜੇ ਤੇ ਮਾੜੇ ਦੇ ਅਧਾਰ ‘ਤੇ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ । ਮਜ੍ਹਬਾਂ ਦੇ ਅਧਾਰ ‘ਤੇ ਵੰਡੀਆਂ, ਖੂਨ ਖਰਾਬਾ ਤੇ ਫਿਰਕੂ ਨਫਰਤ ਨੂੰ ਕਦੇ ਵੀ ਅਦਾਦੀ ਨਹੀ ਕਿਹਾ ਦਾ ਸਕਦਾ । ਇਸ ਕਰਕੇ 1947 ਚ ਭਾਰਤ ਤੇ ਪਾਕਿਸਤਾਨ ਨਾਮ ਦੇ, ਮਜ੍ਹਬੀ ਅਧਾਰ ‘ਤੇ ਹੋਏ ਹਿੰਦੁਸਤਾਨ ਨਾਮ ਦੇ ਇਕ ਮੁਲਕ ਦੇ ਦੋ ਟੁਕੜਿਆ ਨੂੰ ਜੇਕਰ ਕੋਈ ਅਜਾਦੀ ਕਹਿੰਦਾ ਹੈ ਤਾਂ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਹੈ ਜੋ ਆਪਣੀ ਅਕਲ ਦਾ ਆਪ ਹੀ ਚੌਰਾਹੇ ਚ ਖੜ੍ਹਾ ਹੋ ਕੇ ਦੀਵਾਲਾ ਕੱਢ ਰਿਹਾ ਹੈ ।

ਦਰਅਸਲ 14 ਤੇ 15 ਅਗਸਤ 1947 ਨੂੰ ਭਾਰਤ ਤੇ ਪਾਕਿਸਤਾਨ ਅਜਾਦ ਨਹੀ, ਬਲਕਿ ਸੋਨੇ ਦੀ ਚਿੜੀ ਮੰਨਿਆ ਜਾਣ ਵਾਲਾ ਦੁਨੀਆ ਦਾ ਇਕ ਬਹੁਤ ਹੀ ਅਮੀਰ ਮੁਲਕ ਟੋਟੇ ਟੋਟੇ ਹੋਇਆ ਸੀ, ਜਿਸ ਦਾ ਇਲਜਾਮ ਅੰਗਰੇਜਾਂ ਸਿਰ ਮੜ੍ਹਿਆ ਗਿਆ । ਮੈਂ ਕਰਤਾਰ ਪੁਰ ਲਾਂਘੇ ਨੂੰ ਲੈ ਕੇ ਜਦ ਇਸ ਵਿਸ਼ੇ ਉਤੇ ਖੋਜ ਕੀਤੀ ਤਾਂ ਅਜਿਹੇ ਬਹੁਤ ਸਾਰੇ ਇੰਕਸਾਫ ਤੇ ਹੈਰਾਨੀਜਨਕ ਤੱਥ ਸਾਹਮਣੇ ਆਏ ਜਿਹਨਾਂ ਨੁੰ ਦੇਖ ਪੜ੍ਹਕੇ ਅਕਲ ਦੰਗ ਰਹਿ ਗਈ । ਇਸ ਤਰਾਂ ਜਾਪਣ ਲੱਗਾ ਕਿ ਅੰਗਰੇਜਾਂ ਨੂੰ ਬੜੀ ਗਹਿਰੀ ਸ਼ਾਜਿਸ ਤਹਿਤ ਬਦਨਾਮ ਕੀਤਾ ਜਾ ਰਿਹਾ ਕਿ ਉਹ “ਪਾੜੋ ਤੇ ਰਾਜ ਕਰੋ” ਦੀ ਨੀਤੀ ‘ਤੇ ਚਲਕੇ ਰਾਜ ਕਰਦੇ ਸਨ ਤੇ ਮੁਲਕ ਛੱਡਣ ਵੇਲੇ ਇਸ ਨੁੰ ਦੋ ਹਿੱਸਿਆ ਚ ਵੰਡ ਗਏ ਜਦ ਕਿ ਅਸਲੀਅਤ ਇਸ ਤੋ ਬਿਲਕੁਲ ਉਲਟ ਹੈ ।ਅਸਲ ਵਿਚ ਸਾਡੇ ਲੋਕਾਂ ਨੁੰ ਇਤਿਹਾਸ ਗਲਤ ਪੜ੍ਹਾਇਆ ਜਾ ਰਿਹਾ ਹੈ ।

ਇਤਿਹਾਸਕ ਹਵਾਲਿਆ ਮੁਤਾਬਿਕ ਅੰਗਰੇਜ ਹਿੰਦੁਸਤਾਨ ਨੂੰ ਅਖੰਡ ਰੂਪ ਚ ਅਜਾਦ ਕਰਨਾ ਚਾਹੁੰਦੇ ਸੀ । ਅੰਗਰੇਜ ਸਾਮਰਾਜ ਕਦੇ ਵੀ ਨਹੀਂ ਚਾਹੁੰਦਾ ਸੀ ਕਿ ਇਸ ਮੁਲਕ ਦੇ ਟੁਕੜੇ ਕੀਤੇ ਜਾਣ । ਹਵਾਲੇ ਵਜੋਂ, 3 ਜੂਨ 1947 ਨੂੰ ਹਿੰਦੁਸਤਾਨ ਦੇ ਬਟਵਾਰੇ ਦਾ ਰੇਡੀਓ ਤੋਂ ਐਲਾਨ ਕਰਦਿਆ ਵਾਇਸ ਰਾਏ ਲੌਰਡ ਮਾਊਂਟ ਬੈਟਨ ਨੇ ਕਿਹਾ ਸੀ ਕਿ:

“ਇਸ ਬਟਵਾਰੇ ਦਾ ਮੈਨੁੰ ਬਹੁਤ ਦੁੱਖ ਹੈ । ਮੈਂ ਇਹ ਚਾਹੁੰਦਾ ਸੀ ਕਿ ਸਾਰੀਆਂ ਧਿਰਾਂ ਦੀ ਆਮ ਸਹਿਮਤੀ ਨਾਲ ਇਕ ਅਖੰਡ ਹਿੰਦੁਸਤਾਨ ਨੂੰ ਸੁਤੰਤਰਤਾ ਦਿੱਤੀ ਜਾਵੇ, ਪਰ ਅਸੀਂ ਇਸ ਦਿਸ਼ਾ ਵਿਚ ਬਹੁਤ ਯਤਨ ਕਰਨ ਦੇ ਬਾਵਜੂਦ ਵੀ ਹਿੰਦੁਸਤਾਨੀ ਨੇਤਾਵਾਂ ਤੋਂ ਕੋਈ ਵੀ ਅਜਿਹੀ ਤਜਵੀਜ ਮਨਵਾਉਣ ਚ ਕਾਮਸਾਬ ਨਹੀ ਹੋ ਸਕੇ —— ਮੁਸਲਿਮ ਲੀਗ ਪਾਕਿਸਤਾਨ ਚਾਹੁੰਦੀ ਹੈ —- ਕਾਂਗਰਸ ਕਹਿੰਦੀ ਹੈ ਇਸ ਬਟਵਾਰੇ ਨੂੰ ਜਲਦੀ ਤੋ ਜਲਦੀ ਲਾਗੂ ਕੀਤਾ ਜਾਵੇ —— ਇਸ ਕਰਕੇ ਪੰਜਾਬ, ਬੰਗਾਲ, ਅਸਾਮ ਤੇ ਗੁਜਰਾਤ ਦਾ ਬਟਵਾਰਾ ਵੀ ਕਰਨਾ ਪਵੇਗਾ, ਜਿਸ ਵਾਸਤੇ ਇਕ ਨਿਆਂਇਕ ਕਮਿਸ਼ਨ ਸਥਾਪਿਤ ਕੀਤਾ ਜਾਵੇਗਾ, ਜੋ ਇਸ ਦਿਸ਼ਾ ਵਿਚ ਪੂਰੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਕੰਮ ਕਰੇਗਾ । —— ਮੈਂ ਸਿੱਖਾਂ ਵਾਸਤੇ ਬਹੁਤ ਚਿੰਤਤ ਹਾਂ ਕਿਉਂਕਿ ਪੰਜਾਬ ਦਾ ਬਟਵਾਰਾ ਹਰ ਹਾਲਤ ਵਿਚ ਉਹਨਾਂ ਦੀ ਕੌਮ ਦਾ ਬਟਵਾਰਾ ਹੋਵੇਗਾ, ਪਰ ਸਿੱਖ ਨੇਤਾ ਇਸ ਬਟਵਾਰੇ ਦੇ ਹੱਕ ਵਿਚ ਹਨ ।”

ਵਾਇਸਰਾਏ ਦੇ ਉਕਤ ਐਲਾਨ ਤੋਂ ਇਕ ਦਿਨ ਬਾਅਦ ਭਾਵ 4 ਜੂਨ 1947 ਨੂੰ ਮਹਾਤਮਾ ਗਾਂਧੀ ਨੇ ਇਹ ਬਿਆਨ ਦਿੱਤਾ ਸੀ ਕਿ:

“ਬਰਤਾਨੀਆ ਸਰਕਾਰ ਮੁਲਕ ਨੂੰ ਵੰਡਣ ਦੇ ਹੱਕ ਵਿਚ ਬਿਲਕੁਲ ਵੀ ਨਹੀ ਸੀ, ਪਰ ਜੇਕਰ ਦੇਸ਼ ਦੇ ਹਿੰਦੂ ਤੇ ਮੁਸਲਮਾਨ ਜਿੱਦ ਕਰਨ ਤਾਂ ਅਜਿਹੇ ਹਾਲਾਤਾਂ ਵਿਚ ਅੰਗਰੇਜ ਕੀ ਕਰਨ ?”

ਦਰਅਸਲ ਅੰਗਰੇਜਾਂ ਨੂੰ 1947 ਚ ਮੁਲਕ ਦੀ ਵੰਡ ਨਾ ਚਾਹੁੰਦਿਆ ਹੋਇਆਂ ਵੀ ਕਰਨ ਵਾਸਤੇ ਮਜਬੂਰ ਕੀਤਾ ਗਿਆ, ਪਰ ਫਿਰ ਵੀ ਉਹਨਾ ਨੇ ਇਸ ਵੰਡ ਸਮੇ ਆਪਣੀ ਮਰਜੀ ਬਿਲਕੁਲ ਨਹੀ ਕੀਤੀ ਸਗੋ ਜੋ ਵੀ ਮਤੇ ਪਾਏ ਉਹਨਾ ਉਤੇ ਰਾਇਸ਼ੁਮਾਰੀ ਕਰਵਾ ਕੇ ਹਿੰਦੁਸਤਾਨੀ ਨੇਤਾਵਾਂ ਦੀ ਲਿਖਤੀ ਸਹਿਮਤੀ ਲਈ ਤੇ ਅੱਗੋ ਉਸੇ ਅਧਾਰ ‘ਤੇ ਕਾਰਵਾਈਆ ਕੀਤੀਆਂ । ਗੱਲ ਭਾਵੇਂ Indian independence ACT ਨੂੰ ਪਾਸ ਕਰਨ ਦੀ ਹੋਵੇ, ਬਟਵਾਰਾ ਕਮਿਸ਼ਨ ਬਿਠਾਉਣ ਦੀ, ਹੱਦਬੰਦੀ ਸੰਬੰਧੀ ਨਿਆਂਇਕ ਕਮਿਸ਼ਨ ਬਣਾਉਣ ਜਾਂ ਫਿਰ ਹੋਰ ਮਸਲਿਆ ਨੂੰ ਤਹਿ ਕਰਨ ਦੀ ਹੋਵੇ, ਅੰਗਰੇਜਾਂ ਨੇ ਤਾਂ ਸਿਰਫ ਮੌਕੇ ਦੇ ਹਿੰਦੂ, ਮੁਸਲਮ ਤੇ ਸਿੱਖ ਨੇਤਾਵਾਂ ਵਲੋਂ ਜੋ ਕਿਹਾ ਗਿਆ, ਉਸ ਦੇ ਮੁਤਾਬਿਕ ਕਾਰਵਾਈ ਕੀਤੀ, ਉਹਨਾ ਨੇ ਆਪਣੇ ਵਲੋ ਕਿਸੇ ‘ਤੇ ਕਦੇ ਵੀ ਕੁਜ ਨਹੀਂ ਥੋਪਿਆ ।

ਇਸ ਦੀ ਇਕ ਹੋਰ ਬਹੁਤ ਵੱਡੀ ਉਦਾਹਰਣ ਹੈ ਕਿ ਅੰਗਰੇਜਾ ਦੇ ਹਿੰਦੁਸਤਾਨ ਚ ਪਰਵੇਸ਼ ਕਰਨ ਸਮੇ ਮੁਲਕ ਵਿਚ 567 ਦੇ ਲਗਭਗ ਵੱਡੀਆ ਛੋਟੀਆ ਰਿਆਸਤਾਂ ਸਨ ਜਿਹਨਾਂ ਨੂੰ ਉਹਨਾਂ ਨੇ ਧੱਕੇ ਨਾਲ ਕਬਜੇ ‘ਚ ਕਰਨ ਦੀ ਬਜਾਏ ਇਹ ਖੁਲ੍ਹ ਦਿੱਤੀ ਕਿ ਉਹ ਆਪਣੀ ਮਰਜੀ ਮੁਤਾਬਿਕ ਜਾਂ ਤਾਂ ਇਕ ਦੂਸਰੀ ਰਿਆਸਤ ਨਾਲ ਮਿਲਕੇ ਰਹਿਣ ਜਾਂ ਸੁਤੰਤਰ, ਪਰ ਆਪਣੀ ਫੌਜ ਨਾ ਰੱਖਣ, ਲੋੜ ਪੈਣ ਤੇ ਬਰਤਾਨਵੀ ਫੌਜ ਉਹਨਾ ਨੂੰ ਹਰ ਲੌੜੀਂਦੀ ਫੌਜੀ ਸਹਾਇਤਾ ਦੇਵੇਗੀ । ਇਸ ਤੋ ਵੀ ਸਾਫ ਹੋ ਜਾਂਦਾ ਹੈ ਕਿ, “ਫੁੱਟ ਪਾਓ ਤੇ ਰਾਜ ਕਰੋ” ਦੀ ਤੌਹਮਤ ਅੰਗਰੇਜਾਂ ਸਿਰ ਬਿਨਾਂ ਕਿਸੇ ਵਜ੍ਹਾ ਸਿਰਫ ਹਿੰਦੂ, ਮੁਸਲਿਮ ਤੇ ਸਿੱਖ ਨੇਤਾਵਾਂ ਵਲੋ ਆਪਣੇ ਕਾਲੇ ਕਾਰਨਾਮੇ ਲੁਕੌਣ ਵਾਸਤੇ ਲਗਾਈ ਗਈ ਤੇ ਅੱਜ ਤੱਕ ਲਗਾਈ ਜਾ ਰਹੀ ਹੈ । ਬਰਤਾਨੀਆ ਚ ਇਸ ਵੇਲੇ 115 ਮੁਲਕਾਂ ਦੇ ਲੋਕ ਰਹਿ ਰਹੇ ਹਨ ਤੇ ਇਥੇ ਕਦੇ ਵੀ ਨਸਲੀ ਦੰਗੇ ਨਹੀਂ ਭੜਕੇ, ਜੇਕਰ ਇਹ ਲੋਕ ਪਾੜੋ ਤੇ ਰਾਜ ਕਰੋ ਦੀ ਨੀਤੀ ‘ਤੇ ਚਲਦੇ ਹੁੰਦੇ ਤਾਂ ਫਿਰ ਇਸ ਮੁਲਕ ਦਾ ਹਾਲ ਸ਼ਾਇਦ ਹੁਣਵੇ ਭਾਰਤ ਵਰਗਾ ਹੀ ਹੁੰਦਾ।

ਮੈਂ ਇਹ ਲੇਖ ਕੋਈ ਅਂਗਰੇਜਾਂ ਦੀ ਵਕਾਲਤ ਕਰਨ ਵਾਸਤੇ ਨਹੀ ਲਿਖਿਆ, ਸਗੋਂ ਇਸ ਦੇ ਪਿਛੇ ਮੇਰਾ ਮਕਸਦ ਇਹ ਹੈ ਕਿ ਅਸਲੀਅਤ ਪੇਸ਼ ਕਰਕੇ ਸੱਚ ਸਭ ਦੇ ਸਾਹਮਣੇ ਲਿਆਂਦਾ ਜਾਵੇ । ਅਸਲ ਗੱਲ ਇਹ ਹੈ ਕਿ ਸਾਡੇ ਤਤਕਾਲੀ ਨੇਤਾਵਾਂ ਨੇ ਅੰਗਰੇਜਾਂ ਨੂੰ ਇਹ ਗੱਲ ਚੰਗੀ ਤਰਾਂ ਸਮਝਾ ਦਿੱਤੀ ਸੀ ਕਿ ਅਜਾਦੀ ਤੋਂ ਬਾਅਦ ਉਹ ਕਦੇ ਵੀ ਇਕੱਠੇ ਨਹੀਂ ਰਹਿ ਸਕਣਗੇ ਸਗੋਂ ਧਰਮ ਦੇ ਅਧਾਰ ‘ਤੇ ਖੂਨ ਖਰਾਬਾ ਕਰਨਗੇ ਤੇ ਹਿੰਦੁਸਤਾਨੀ ਲੋਕਾਂ ਨੇ 1947 ਚ ਇਹ ਕੁੱਜ ਕਿਸੇ ਹੱਦ ਜਾਂ ਸਰਹੱਦ ਦੀ ਅਣਹੋਂਦ ਚ ਵੀ ਕਰਕੇ ਦਿਖਾ ਦਿੱਤਾ ।

ਇਥੇ ਜਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਵਿਚਕਾਰ ਵਾਹਗਾ ਸਰਹੱਦ 14-15 ਅਗਸਤ 1947 ਤੱਕ ਬਿਲਕੁਲ ਵੀ ਨਹੀ ਸੀ, ਇਸ ਦਾ ਐਲਾਨ 17 ਅਗਸਤ 1947 ਦੀ ਸ਼ਾਮ ਨੁੰ ਰੇਡੀਓ ਤੋਂ ਲੌਰਡ ਮਾਂਊਟ ਬੈਟਨ ਵਲੋ ਕੀਤਾ ਗਿਆ ਸੀ । ਇਸ ਸਰਹੱਦ ਦੀ ਅਣਹੋਂਦ ਵਿਚ ਵੀ 50 ਲੱਖ ਲੋਕਾਂ ਦਾ ਉਜਾੜਾ, 10 ਲੱਖ ਦਾ ਕਤਲ ਤੇ 60,000 ਔਰਤਾ ਦਾ ਬਲਾਤਕਾਰ ਤੇ ਉਧਾਲਾ ਹੋਣਾ ਜਿਥੇ ਅੱਜ ਵੀ ਕਈ ਸਵਾਲ ਖੜ੍ਹੇ ਕਰਦਾ ਹੈ, ਉਥੇ ਦੁਨੀਆ ਦੇ ਇਤਿਹਾਸ ਵਿਚ ਮਜ੍ਹਬ ਦੇ ਅਧਾਰ ‘ਤੇ ਕੀਤੀ ਗਈ ਸਿਆਸਤ ਨਾਲ ਹੋਏ ਸਭ ਤੋਂ ਵੱਡੇ ਖੂਨ ਖਰਾਬੇ ਦਾ ਕਾਲਾ ਸਿਆਹ ਪੰਨਾ ਦਰਜ ਕਰਕੇ ਮੌਕੇ ਦੇ ਹਿੰਦੁਸਤਾਨੀ ਨੇਤਾਵਾਂ ਦੇ ਮੂੰਹ ਉਤੇ ਕਾਲਖ ਦਾ ਪੋਚਾ ਵੀ ਫੇਰ ਰਿਹਾ ਹੈ ।

ਕਬਰਾਂ, ਸ਼ਮਸ਼ਾਨ ਘਾਟਾਂ, ਕਤਲਗਾਹਾਂ ‘ਤੇ ਮੜ੍ਹੀਆ ‘ਤੇ ਕਦੇ ਮੇਲੇ ਨਹੀਂ ਲਗਦੇ, ਜਸ਼ਨ ਨਹੀਂ ਮਨਾਏ ਜਾਂਦੇ । ਇਹਨਾ ਸਥਾਨਾਂ ‘ਤੇ ਸੋਗ, ਮਾਤਮ, ਸ਼ਰਧਾਂਜਲੀਆਂ ਤੇ ਅਰਦਾਸਾਂ ਕੀਤੀਆਂ ਜਾਂਦੀਆ ਹਨ, ਪਰ ਭਾਰਤ ਪਾਕਿਸਤਾਨ ਚ ਇਥੇ ਵੀ ਉਲਟੀ ਗੰਗਾ ਪਿਹੋਏ ਨੂੰ ਵਹਿ ਰਹੀ ਹੈ । ਵਾਹਗਾ ਸਰਹੱਦ, ਜਿਥੇ ਲੱਖਾਂ ਉਜੜੇ, ਲੱਖਾਂ ਦਾ ਕਤਲ ਹੋਇਆ, ਧਰਤੀ ਖੂਨ ਨਾਲ ਲੱਥ ਪੱਥ ਹੋਈ, ਦਰਿਆਵਾਂ ਦੇ ਪਾਣੀਆ ਦਾ ਰੰਗ ਸੂਹਾ ਲਾਲ ਹੋਇਆ, ਖੂਨ ਦੇ ਦਰਿਆ ਵਗੇ, ਉਥੇ ਝੰਡਾ ਉਤਾਰਨ ਦੇ ਬਹਾਨੇ ਹੇਠ ਹਰ ਰੋਜ ਖੁਸ਼ੀਆ ਚ ਗਿੱਧੇ ਤੇ ਭੰਗੜੇ ਵੀ ਪਾਏ ਜਾਂਦੇ ਹਨ ਤੇ ਦੋਹਾਂ ਮੁਲਕਾਂ ਦੇ ਲੋਕਾਂ ਚ ਨਫਰਤੀ ਜਹਿਰ ਵੀ ਕੁੱਟ-ਕੁੱਟ ਕੇ ਭਰਿਆ ਜਾ ਰਿਹਾ ਹੈ, ਜਿਸ ਤੋਂ ਇਹ ਅੰਦਾਜਾ ਲਾਉਣਾ ਕੋਈ ਮੁਸ਼ਕਲ ਨਹੀ ਕਿ ਮੁਲਕ ਦੀ ਵੰਡ ਦੇ ਅਸਲ ਜਿੰਮੇਵਾਰ ਕੋਣ ਰਹੇ ਹਨ ।

ਮੁਕਦੀ ਗੱਲ ਇਹ ਹੈ ਕਿ ਜਿਸ ਨੂੰ ਅਜਾਦੀ ਸਮਝ ਕੇ ਦੋਹਾਂ ਮੁਲਕਾਂ ਚ ਅੱਜ ਜਸ਼ਨ ਮਨਾਏ ਜਾ ਰਹੇ ਹਨ, ਉਹ ਅਸਲ ਵਿਚ ਮਜ੍ਹਬ ਦੇ ਅਧਾਰ ‘ਤੇ ਸਾਡੇ ਉਸ ਵੇਲੇ ਦੇ ਨਾਅਹਿਲ ਆਗੂਆ ਵਲੋਂ ਲਿਖੀ ਹੋਈ ਸਾਡੀ ਬਰਬਾਦੀ ਦੀ ਦਾਸਤਾਨ ਹੈ, ਜਿਸ ਉਤੇ ਸੋਗ ਮਨਾਉਣ ਦੀ ਬਜਾਏ ਅਸੀਂ ਅਜੋਕੇ ਫਿਰਕੂ ਆਗੂਆ ਦੀ ਅਗਵਾਈ ਹੇਠ ਬਿਨ ਸੋਚੇ ਸਮਝੇ ਤੇ ਕਿੰਤੂ ਕੀਤੇ, ਆਪਣੀ ਬਰਬਾਦੀ ਦੀ ਅਧਾਰਸ਼ਿਲਾ ਉੱਤੇ ਨਫਰਤਾਂ ਦਾ ਮਹਿਲ ਸਾਲ ਦਰ ਸਾਲ ਹੋਰ ਪੱਕਾ ਕਰ ਰਹੇ ਹਨ । ਮੁਲਕਾਂ ਦੀ ਗੱਲ ਛੱਡ ਵੀ ਦੇਈਏ ਤਾਂ ਪੰਜਾਬੀਆਂ ਨੂੰ ਤਾਂ ਘੱਟੋ ਘੱਟ ਇਸ ਬਾਰੇ ਜਰੂਰ ਹੀ ਅੱਜ 75 ਸਾਲ ਬਾਅਦ ਜਰੂਰ ਸੋਚਣਾ ਬਣਦਾ ਹੈ ਕਿ ਇਸ ਵੰਡ ਦੀ ਵਜ੍ਹਾ ਕਰਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪੂਰੀ ਤਰਾਂ ਬਰਬਾਦ ਹੋ ਗਏ, ਪੰਜਾਬੀਆ ਦੇ ਕਤਲੇਆਮ ਤੋ ਬਿਨਾ ਕਿਸੇ ਹੋਰ ਦੀ ਚੀਚੀ ‘ਤੇ ਵੀ ਚੀਰਾ ਤੱਕ ਨਹੀ ਆਇਆ ਤੇ ਫਿਰ ਪੰਜਾਬ ਦੀ ਧਰਤੀ ‘ਤੇ ਸਰਹੱਦ ਦੇ ਦੋਹੀਂ ਪਾਸੀਂ ਹਰ ਸਾਲ 14-15 ਅਗਸਤ ਨੂੰ ਕਾਹਦੇ ਜਸ਼ਨ ਮਨਾਏ ਜਾ ਰਹੇ ਹਨ ਤੇ ਇਹ ਝੂਠ ਹੋਰ ਕਿੰਨਾ ਕੁ ਚਿਰ ਬੋਲਿਆ ਜਾਂਦਾ ਰਹੇਗਾ ?

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਬੇਸ਼ਰਮੀ ਦੀ ਹੱਦ !

admin

ਹਰਮੀਤ ਕੌਰ ਢਿੱਲੋਂ ਨੂੰ ਆਪਣੀ ਟੀਮ ‘ਚ ਸ਼ਾਮਿਲ ਕਰਕੇ ਬਹੁਤ ਖੁਸ਼ ਹੈ ਅਮਰੀਕਨ ਨਵੇਂ ਚੁਣੇ ਰਾਸ਼ਟਰਪਤੀ !

admin