Breaking NewsIndiaLatest News

ਉੜੀਸਾ ਦੇ ਸਰਕਾਰੀ ਆਵਾਸ ਸਕੂਲ ਵਿੱਚ 300 ਤੋਂ ਵੱਧ ਵਿਦਿਆਰਥੀ ਤੇ ਅਧਿਆਪਕ ਹੜ੍ਹਾਂ ਵਿੱਚ ਫਸੇ

ਉੜੀਸਾ ਦੇ ਸਰਕਾਰੀ ਆਵਾਸ ਸਕੂਲ ਵਿੱਚ 300 ਤੋਂ ਵੱਧ ਵਿਦਿਆਰਥੀ ਤੇ ਅਧਿਆਪਕ ਹੜ੍ਹਾਂ ਵਿੱਚ ਫਸੇ ਹੋਏ ਹਨ।

ਭੁਵਨੇਸ਼ਵਰ – ਉੜੀਸਾ ਦੇ ਕੇਂਦਰਪਾੜਾ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਇੱਕ ਸਰਕਾਰੀ ਆਵਾਸ ਸਕੂਲ ਵਿੱਚ 300 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਫਸੇ ਹੋਏ ਹਨ। ਇਹ ਸਕੂਲ ਪਟਾਮੁੰਡਈ ਬਲਾਕ ਦੇ ਪੇਂਥਾਪਾਲਾ ਗ੍ਰਾਮ ਪੰਚਾਇਤ ਅਧੀਨ ਕੁਲਸਾਹੀ ਪਿੰਡ ਵਿੱਚ ਸਥਿਤ ਹੈ। ਬ੍ਰਾਹਮਣੀ ਨਦੀ ਦਾ ਪਾਣੀ ਵਧਣ ਤੋਂ ਬਾਅਦ ਸ਼ਨੀਵਾਰ ਨੂੰ ਸਕੂਲ ਚਾਰੇ ਪਾਸਿਓਂ ਪਾਣੀ ਨਾਲ ਘਿਰ ਗਿਆ। ਸਕੂਲ ਦੀ ਗਰਾਊਂਡ ਫਲੋਰ ’ਤੇ ਲਗਭਗ 10 ਫੁੱਟ ਤੱਕ ਪਾਣੀ ਭਰ ਗਿਆ ਹੈ। ਇਸ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਰਹਿਣਾ ਪੈ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਵਿੱਚ ਫਸੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਇਸ ਸਮੇਂ ਸੁਰੱਖਿਅਤ ਹਨ। ਹਾਲਾਂਕਿ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਹੈ। ਪਟਾਮੁੰਡਈ ਬਲਾਕ ਦੇ ਸਿੱਖਿਆ ਅਧਿਕਾਰੀ ਅਜੀਤ ਨੇ ਦੱਸਿਆ ਕਿ ਸਕੂਲ ਵਿੱਚ ਖਾਣਾ ਬਣਾਉਣ ਲਈ ਐਲਪੀਜੀ ਸਿਲੰਡਰ ਮੌਜੂਦ ਹੈ। ਪਰ ਤੇਜ਼ ਪਾਣੀ ਕਾਰਨ ਸਕੂਲ ਤੱਕ ਰਾਹਤ ਸਮੱਗਰੀ ਪਹੁੰਚਾਉਣਾ ਮੁਸ਼ਕਲ ਹੋ ਰਿਹਾ ਹੈ। ਕੇਂਦਰਪਾੜਾ ਦੇ ਕਲੈਕਟਰ ਰਘੁਰਾਮ ਆਰ. ਅੱਯਰ ਨੇ ਪਟਾਮੁੰਡਈ ਦੇ ਬਲਾਕ ਡਿਵੈਲਪਮੈਂਟ ਅਫਸਰ ਸ਼ੀਤਲ ਅਗਰਵਾਲ ਅਤੇ ਜ਼ਿਲ੍ਹਾ ਭਲਾਈ ਅਧਿਕਾਰੀ ਅਰਬਿੰਦਾ ਰੇ ਨੂੰ ਹਦਾਇਤ ਦਿੱਤੀ ਹੈ ਕਿ ਸਕੂਲ ਵਿੱਚ ਫਸੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਖਾਣਾ, ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾਵੇ।

ਇੱਕ ਅਧਿਆਪਕ ਨੇ ਕਿਹਾ ਕਿ ਸਕੂਲ ਦੀ ਇਮਾਰਤ ਦੇ ਆਲੇ-ਦੁਆਲੇ ਪਾਣੀ ਦਾ ਵਹਾਅ ਕਾਫੀ ਤੇਜ਼ ਹੈ। ਉਨ੍ਹਾਂ ਕਿਹਾ, “ਸਾਨੂੰ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਹੈ।”

ਸਥਾਨਕ ਲੋਕਾਂ ਮੁਤਾਬਕ ਇਹ ਸਕੂਲ ਨਦੀ ਦੇ ਨੇੜੇ ਸਥਿਤ ਹੈ ਅਤੇ ਹਰ ਸਾਲ ਮੀਂਹ ਅਤੇ ਬਾੜ੍ਹ ਦੌਰਾਨ ਇੱਥੇ ਪਾਣੀ ਭਰ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਵਧਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਕਿਸੇ ਸੁਰੱਖਿਅਤ ਥਾਂ ’ਤੇ ਭੇਜ ਦੇਣਾ ਚਾਹੀਦਾ ਸੀ। ਬੱਚਿਆਂ ਦੇ ਬਾੜ੍ਹ ਵਿੱਚ ਫਸੇ ਹੋਣ ਕਾਰਨ ਮਾਪੇ ਵੀ ਚਿੰਤਤ ਹਨ।

ਉੱਥੇ ਹੀ, ਅਸਾਮ ਵਿੱਚ ਵੀ ਬਾੜ੍ਹ ਕਾਰਨ ਹੋਏ ਨੁਕਸਾਨ ਅਤੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਨੂੰ ਲੈ ਕੇ ਸਰਕਾਰ ਨੇ ਵੱਡੀ ਮਦਦ ਦੀ ਲੋੜ ਦੱਸੀ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਬਾੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ’ਤੇ 1,000 ਕਰੋੜ ਰੁਪਏ ਤੋਂ ਵੱਧ ਖਰਚ ਆ ਸਕਦਾ ਹੈ।

Related posts

ਏਟੀਐੱਸ ਨੇ ਗੋਆ ‘ਚ ਗੈਰ ਕਾਨੂੰਨੀ ਤੌਰ ‘ਤੇ ਰਹਿਣ ਵਾਲੇ ਬੰਗਲਾਦੇਸ਼ੀਆਂ ਦੀ ਕੀਤੀ ਪਛਾਣ

Bunty

ਭਾਜਪਾ ਨੂੰ ਝਟਕਾ, ਹਾਈ ਕੋਰਟ ਨੇ ਲਾਈ ਇਸ਼ਤਿਹਾਰਾਂ ’ਤੇ ਪਾਬੰਦੀ, ਚੋਣ ਕਮਿਸ਼ਨ ਦੀ ਵੀ ਖਿਚਾਈ

Bunty

ਭਾਰਤ ਦੇ ਵਿਦੇਸ਼ ਮੰਤਰੀ ਦੀ ਰੂਸ ਫੇਰੀ ਦੌਰਾਨ ਰਾਸ਼ਟਰਪਤੀ ਪੁਤਿਨ ਤੇ ਹੋਰ ਆਗੂਆਂ ਨਾਲ ਮੁਲਾਕਾਤ !

admin