Punjab

ਪੰਜਾਬ ਬੰਦ ਦੌਰਾਨ ਪੂਰਾ ਸਹਿਯੋਗ ਕਰਨ ਲਈ ਪੰਜਾਬ ਵਾਸੀਆਂ ਦਾ ਧੰਨਵਾਦ

ਸ਼ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ।

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਸ ਕਰਨੈਲ ਸਿੰਘ ਪੀਰਮੁਹੰਮਦ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂ ਨੇ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਗਏ ਸੱਦੇ ‘ਤੇ, ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਮਰਥਨ ਨਾਲ ਅੱਜ ਪੰਜਾਬ ਵਿੱਚ ਬੰਦ ਦਾ ਵਿਆਪਕ ਅਤੇ ਪੂਰਨ ਅਸਰ ਦੇਖਣ ਨੂੰ ਮਿਲਿਆ। ਉਨ੍ਹਾਂ ਇਸ ਸ਼ਾਂਤਮਈ ਪੰਜਾਬ ਬੰਦ ਦੀ ਵੱਡੀ ਸਫਲਤਾ ਲਈ ਦੁਕਾਨਦਾਰਾਂ, ਵਪਾਰੀ ਵਰਗ, ਵਿਦਿਆਰਥੀਆ, ਮੁਲਾਜਮਾਂ ਸਮੇਤ ਸਮੁੱਚੇ ਪੰਜਾਬ ਵਾਸੀਆਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ‘ਪੰਜਾਬ ਬੰਦ’ ਦੇ ਸਮਰਥਨ ਵਿੱਚ ਪੂਰਨ ਸਹਿਯੋਗ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਥਕ ਜਥੇਬੰਦੀਆਂ ਦੇ ਸਮਰਥਨ ਨਾਲ ਮਾਝਾ, ਮਾਲਵਾ ਅਤੇ ਦੁਆਬਾ ਦੇ ਪ੍ਰਮੁੱਖ ਸ਼ਹਿਰਾਂ ਸਮੇਤ ਵੱਖ-ਵੱਖ ਕਸਬਿਆਂ ਅਤੇ ਪਿੰਡ ਤੱਕ ਸਮੂਹ ਦੁਕਾਨਦਾਰਾਂ, ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖ ਕੇ ਇਸ ਸੱਦੇ ਨੂੰ ਪੂਰਨ ਸਮਰਥਨ ਦਿੱਤਾ।

ਇਹ ਬੰਦ ਦੁਪਹਿਰ 2 ਵਜੇ ਤੱਕ ਇਸੇ ਤਰ੍ਹਾਂ ਨਿਰੰਤਰ ਅਤੇ ਸ਼ਾਂਤਮਈ ਢੰਗ ਨਾਲ ਜਾਰੀ ਰਿਹਾ। ਜਿਸ ਦੌਰਾਨ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਰ ਜਗ੍ਹਾ ‘ਤੇ ਆਮ ਲੋਕਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਦਿਆਂ ਮਰੀਜ਼ਾਂ, ਐਂਬੂਲੈਂਸਾਂ ਅਤੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਲਈ ਖਾਸ ਰਸਤਾ ਛੱਡ ਕੇ ਉਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਉਣ ਦਾ ਪੂਰਾ ਯਤਨ ਕੀਤਾ। ਫਿਰ ਵੀ, ਬੰਦ ਦੌਰਾਨ ਜਿਨ੍ਹਾਂ ਨਾਗਰਿਕਾਂ ਨੂੰ ਕੁਝ ਅਸੁਵਿਧਾ ਹੋਈ ਹੈ, ਉਸ ਲਈ ਖੇਦ ਪ੍ਰਗਟਾਇਆ ਜਾਂਦਾ ਹੈ। ਦੋਹਾਂ ਆਗੂਆਂ ਨੇ ਦੱਸਿਆ ਕਿ ਇਸ ਬੰਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਕਿਸਾਨ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਧੜਿਆਂ ਸਮੇਤ ਹਰੇਕ ਫਿਰਕੇ ਦਾ ਭਰਵਾਂ ਸਮਰਥਨ ਹਾਸਲ ਹੋਇਆ। ਇਸ ਬੰਦ ਲਈ ਮੁੱਖ ਮੰਗਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸੀ ਜਿਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਭਾਰਤੀ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ। ਅੰਤ ਵਿੱਚ ਸ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਤੇਜਿੰਦਰ ਸਿੰਘ ਪੰਨੂੰ ਨੇ ਇਕ ਵਾਰ ਫਿਰ ਪੰਜਾਬ ਵਾਸੀਆਂ ਵੱਲੋਂ ਦਿੱਤੇ ਗਏ ਸਮਰਥਨ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਇੱਕਜੁੱਟਤਾ ਨਾਲ ਅੱਗੇ ਆਉਣਾ ਚਾਹੀਦਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Related posts

ਹਰਿਆਣਾ ਨੇ ਹੁਣ ਪੰਜਾਬ ਖ਼ਿਲਾਫ਼ ਖੋਲ੍ਹਿਆ ਨਵਾਂ ਮੋਰਚਾ, ਭਾਖੜਾ ਨਹਿਰ ਦਾ ਬਦਲ ਤਿਆਰ ਕਰਨ ਦਾ ਦਬਾਅ

Bunty

ਏਅਰ ਫੋਰਸ ਸਟੇਸ਼ਨ ਦੇ ਸਹਿਯੋਗ ਨਾਲ ਕਰੀਅਰ ਪ੍ਰਚਾਰ ਸਮਾਗਮ ਕਰਵਾਇਆ

admin

ਕਿਸਾਨ-ਮਜ਼ਦੂਰ ਮੰਗਾਂ ਨੂੰ ਲੈ ਕੇ ਬੀਕੇਯੂ ਉਗਰਾਹਾਂ ਵੱਲੋਂ 17 ਜ਼ਿਲ੍ਹਿਆਂ ਵਿੱਚ ਡੀ ਸੀ/ਐੱਸਡੀਐੱਮ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ

admin